ਕੋਵਿਸ਼ੀਲਡ ’ਤੇ ਹਾਹਾਕਾਰ

0
297

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਵਿੱਚ ਇਨ੍ਹੀਂ ਦਿਨੀਂ ਕੋਵਿਸ਼ੀਲਡ ਵੈਕਸੀਨ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦਾ ਕਾਰਨ ਇੱਕ ਵੀਡੀਓ ਹੈ, ਜਿਸ ਨੇ ਪੂਰਵਾਂਚਲ ਦੇ ਲੋਕਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਵਾਰਾਨਸੀ ਦੇ ਪੀਅਰੀ ਇਲਾਕੇ ਦਾ ਇਕ ਨੌਜਵਾਨ ਜਿੰਮ ਵਿੱਚ ਕਸਰਤ ਕਰਦਿਆਂ ਇੱਕਦਮ ਡਿੱਗ ਕੇ ਤੜਫਣ ਲੱਗਾ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਹ ਘਟਨਾ ਬੀਤੀ 1 ਮਈ ਦੀ ਹੈ। ਹਾਰਟ ਅਟੈਕ ਨਾਲ ਜਾਨ ਗੁਆਉਣ ਵਾਲੇ ਦੀਪਕ ਦੇ ਭਰਾ ਦਿਲੀਪ ਗੁਪਤਾ ਦਾ ਕਹਿਣਾ ਹੈ, ‘ਮੇਰਾ ਭਰਾ ਪਿਛਲੇ 10 ਸਾਲਾਂ ਤੋਂ ਰੋਜ਼ ਜਿੰਮ ਵਿੱਚ ਕਸਰਤ ਕਰਦਾ ਸੀ। ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਉਸ ਨੇ ਕੋਰੋਨਾ ਸਮੇਂ ਕੋਵਿਸ਼ੀਲਡ ਦਾ ਟੀਕਾ ਲਗਾਇਆ ਸੀ।’
ਇਸ ਘਟਨਾ ਤੋਂ ਕਾਫ਼ੀ ਸਮਾਂ ਪਹਿਲਾਂ ਵਾਰਾਨਸੀ ਦੇ ਹੀ ਪਿਪਲਾਨੀ ਕਟਰਾ ਨਿਵਾਸੀ ਮਨੋਜ ਵਿਸ਼ਵਕਰਮਾ ਆਪਣੇ ਭਤੀਜੇ ਦੀ ਸ਼ਾਦੀ ਵਿੱਚ ਡਾਂਸ ਕਰ ਰਹੇ ਸਨ। ਅਚਾਨਕ ਉਹ ਡਿੱਗ ਪਏ ਤੇ ਉਨ੍ਹਾ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੀ ਘਟਨਾ ਅਯੁੱਧਿਆ ਵਿੱਚ ਹੋਈ, ਜਿੱਥੇ ਇੱਕ ਨੌਜਵਾਨ ‘ਖਾਈਕੇ ਪਾਨ ਬਨਾਰਸ ਵਾਲਾ’ ਗਾਣੇ ਉੱਤੇ ਡਾਂਸ ਕਰ ਰਿਹਾ ਸੀ। ਆਸ-ਪਾਸ ਖੜ੍ਹੇ ਬੱਚੇ, ਨੌਜਵਾਨ ਤੇ ਔਰਤਾਂ ਤਾੜੀਆਂ ਮਾਰ ਰਹੀਆਂ ਸਨ। ਇਸੇ ਦੌਰਾਨ ਅਚਾਨਕ ਨੌਜਵਾਨ ਡਿੱਗ ਪੈਂਦਾ ਹੈ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਂਦੇ ਹਨ। ਡਾਕਟਰਾਂ ਮੁਤਾਬਕ ਉਹ ਮਰ ਚੁੱਕਾ ਸੀ। ਜਿੰਮ ਦੇ ਟਰੇਡ ਮਿਲ ਉੱਤੇ ਦੌੜ ਰਹੇ ਪ੍ਰਸਿੱਧ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਅਚਾਨਕ ਮੌਤ ਦੀ ਘਟਨਾ ਉੱਤਰ ਭਾਰਤ ਦੇ ਲੋਕ ਦੁਬਾਰਾ ਯਾਦ ਕਰ ਰਹੇ ਹਨ। ਰਾਜੂ ਦੇ ਵੀ ਸੀਨੇ ’ਚ ਦਰਦ ਹੋਇਆ ਸੀ ਤੇ ਉਸ ਦੀ ਡਿੱਗਦਿਆਂ ਸਾਰ ਮੌਤ ਹੋ ਗਈ ਸੀ। ਇਸੇ ਤਰ੍ਹਾਂ ਕੰਨੜ ਫਿਲਮੀ ਕਲਾਕਾਰ ਪੁਨੀਤ ਰਾਜਕੁਮਾਰ ਵੀ ਜਿੰਮ ਵਿੱਚ ਕਸਰਤ ਕਰ ਰਿਹਾ ਸੀ। ਅਚਾਨਕ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਵਾਰਾਨਸੀ ਤੋਂ ਮੋਦੀ ਵਿਰੁੱਧ ਚੋਣ ਲੜ ਰਹੇ ਅਜੈ ਰਾਏ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨੇ 52 ਕਰੋੜ ਚੋਣ ਚੰਦਾ ਲੈ ਕੇ ਦੇਸ਼ ਦੇ 40 ਕਰੋੜ ਲੋਕਾਂ ਦੀਆਂ ਜ਼ਿੰਦਗੀਆਂ ਦਾ ਸੌਦਾ ਕੀਤਾ ਹੈ। ਕੰਪਨੀ ਨੇ ਸਾਫ਼ ਮੰਨਿਆ ਹੈ ਕਿ ਉਨ੍ਹਾਂ ਦੀ ਵੈਕਸੀਨ ਦੇ ਸਾਈਡ ਇਫੈਕਟ ਨਾਲ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ। ਭਾਜਪਾ ਸਰਕਾਰ ਨੇ ਲੋਕਾਂ ਨੂੰ ਟੀਕਾ ਲਵਾਉਣ ਲਈ ਮਜਬੂਰ ਕੀਤਾ। ਮੋਦੀ ਨੇ ਕੰਪਨੀ ਦੇ ਬ੍ਰਾਂਡ ਅੰਬੈਸਡਰ ਦੀ ਤਰ੍ਹਾਂ ਪ੍ਰਚਾਰ ਕੀਤਾ। ਕੀ ਇਹੋ ਮੋਦੀ ਦੀ ਗਰੰਟੀ ਹੈ?’
ਅਜੈ ਰਾਏ ਇਹ ਵੀ ਕਹਿੰਦੇ ਹਨ, ‘ਮੋਦੀ ਸਰਕਾਰ ਨੇ ਕੋਰੋਨਾ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੋਵਿਸ਼ੀਲਡ ਦੇ ਨਾਂਅ ਉੱਤੇ ਵੋਟ ਮੰਗਿਆ ਸੀ। ਭਾਜਪਾ ਪ੍ਰਧਾਨ ਜੇ ਪੀ ਨੱਢਾ ਕਹਿੰਦੇ ਸਨ ਕਿ ਮੋਦੀ ਨੇ ਕੋਵਿਸ਼ੀਲਡ ਲਿਆ ਕੇ ਜਨਤਾ ਦੀ ਜਾਨ ਬਚਾਈ ਹੈ।’
ਇਸੇ ਦੌਰਾਨ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਦਿਲ ਦੇ ਰੋਗ ਵਿਭਾਗ ਦੇ ਪ੍ਰੋਫ਼ੈਸਰ ਓਮ ਸ਼ੰਕਰ ਨੇ ਕਿਹਾ ਹੈ, ‘ਕੋਰੋਨਾ ਵਾਂਗ ਹੀ ਹੁਣ ਨਵੇਂ ਦੌਰ ਦਾ ਹਾਰਟ ਅਟੈਕ ਲੋਕਾਂ ਦੀ ਜਾਨ ਲੈ ਰਿਹਾ ਹੈ। ਮੈਂ ਸ਼ੁਰੂ ਤੋਂ ਹੀ ਕੋਵਿਸ਼ੀਲਡ ਲਵਾਉਣ ਦਾ ਵਿਰੋਧ ਕਰ ਰਿਹਾ ਹਾਂ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਵੈਕਸੀਨ ਸੁਰੱਖਿਅਤ ਨਹੀਂ ਹੈ। ਮੈਂ ਇਸ ਦੀ ਇੱਕ ਵੀ ਡੋਜ਼ ਨਹੀਂ ਲਈ। ਭਾਰਤ ਦੇ 67.18 ਫ਼ੀਸਦੀ ਲੋਕਾਂ ਨੇ ਇਸ ਦੀਆਂ ਪੂਰੀਆਂ ਖੁਰਾਕਾਂ ਲੈ ਰੱਖੀਆਂ ਹਨ। ਇਨ੍ਹਾਂ ਸਭ ਲੋਕਾਂ ਦਾ ਜੀਵਨ ਖਤਰੇ ’ਚ ਹੈ।’
ਓਮ ਸ਼ੰਕਰ ਕਹਿੰਦੇ ਹਨ, ‘ਕੋਵਿਸ਼ੀਲਡ ਕੋਰੋਨਾ ਰੋਕਣ ਵਿੱਚ ਕਿੰਨੀ ਕਾਰਗਰ ਹੋਈ, ਇਸ ਦਾ ਵੀ ਕੋਈ ਸਬੂਤ ਨਹੀਂ। ਜਦੋਂ ਕਿ ਇਸ ਦੇ ਸਾਈਡ ਇਫੈਕਟ ਨਾਲ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ।’ ਉਨ੍ਹਾ ਕਿਹਾ, ‘ਮੈਂ ਸੋਸ਼ਲ ਮੀਡੀਆ ’ਤੇ ਓ ਪੀ ਡੀ ਮਰੀਜ਼ਾਂ ਨੂੰ ਲਗਾਤਾਰ ਸਲਾਹ ਦਿੰਦਾ ਰਿਹਾ ਕਿ ਉਹ ਵੈਕਸੀਨ ਨਾ ਲਵਾਉਣ। ਉਸ ਸਮੇਂ ਬੀ ਐੱਚ ਯੂ ਦੇ ਸਭ ਡਾਕਟਰਾਂ ਨੇ ਮੇਰੇ ਖਿਲਾਫ਼ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਕੋਈ ਮੈਨੂੰ ਪਾਗਲ ਤੇ ਕੋਈ ਨੇਤਾ ਕਹਿ ਕੇ ਚਿੜਾ ਰਿਹਾ ਸੀ। ਕੁਝ ਨੇ ਤਾਂ ਮੈਨੂੰ ਦੇਸ਼ਧ੍ਰੋਹੀ ਕਰਾਰ ਦੇ ਦਿੱਤਾ ਸੀ। ਜਨਤਾ ਉਤੇ ਵੈਕਸੀਨ ਮੜ੍ਹਨਾ ਸੰਗੀਨ ਜੁਰਮ ਹੈ। ਅਸਲੀਅਤ ਹੈ ਕਿ 70 ਫ਼ੀਸਦੀ ਲੋਕ ਤਾਂ ਕੋਰੋਨਾ ਤੋਂ ਖੁਦ ਹੀ ਮੁਕਤ ਹੋ ਗਏ ਸਨ।’
ਇਸੇ ਦੌਰਾਨ ਲੋਕ ਇਸ ਗੱਲ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਉੱਤੇ ਹਮਲੇ ਕਰ ਰਹੇ ਹਨ ਕਿ ਉਨ੍ਹਾ ਖੁਦ ਕੋਵਿਸ਼ੀਲਡ ਦਾ ਟੀਕਾ ਨਹੀਂ ਲਵਾਇਆ ਸੀ।

LEAVE A REPLY

Please enter your comment!
Please enter your name here