ਧਰਮਸ਼ਾਲਾ : ਭਾਰਤ ਦੀ ਪਹਿਲੀ ਹਾਈਬਿ੍ਰਡ ਪਿੱਚ ਦਾ ਸੋਮਵਾਰ ਇੱਥੇ ਹਿਮਾਚਲ ਪ੍ਰਦੇਸ਼ ਕਿ੍ਰਕਟ ਐਸੋਸੀਏਸ਼ਨ ਸਟੇਡੀਅਮ ’ਚ ਉਦਘਾਟਨ ਕੀਤਾ ਗਿਆ। ਇਸ ਸਮਾਗਮ ’ਚ ਆਈ ਪੀ ਐੱਲ ਦੇ ਚੇਅਰਮੈਨ ਅਰੁਣ ਧੂਮਲ ਅਤੇ ਇੰਗਲੈਂਡ ਦੇ ਸਾਬਕਾ ਕਿ੍ਰਕਟਰ ਅਤੇ ਐੱਸ ਆਈ ਐੱਸ ਇੰਟਰਨੈਸ਼ਨਲ ਕਿ੍ਰਕਟ ਡਾਇਰੈਕਟਰ ਪਾਲ ਟੇਲਰ ਨੇ ਸ਼ਿਰਕਤ ਕੀਤੀ। ਧੂਮਲ ਨੇ ਕਿਹਾ-ਇੰਗਲੈਂਡ ’ਚ ਲਾਰਡਜ਼ ਅਤੇ ਓਵਲ ਵਰਗੇ ਪ੍ਰਸਿੱਧ ਸਥਾਨਾਂ ’ਤੇ ਸਫਲਤਾ ਤੋਂ ਬਾਅਦ ਹਾਈਬਿ੍ਰਡ ਪਿੱਚਾਂ ਦੀ ਵਰਤੋਂ ਭਾਰਤ ’ਚ ਕਿ੍ਰਕਟ ’ਚ ਕ੍ਰਾਂਤੀ ਲਿਆਵੇਗੀ।
ਸੈਰ ਕਰਦੇ ’ਤੇ ਟਰੈਕਟਰ ਚੜ੍ਹਿਆ
ਲਹਿਰਾਗਾਗਾ : ਨੇੜਲੇ ਪਿੰਡ ਸੰਗਤੀਵਾਲਾ ਵਿਚ ਪੈਦਲ ਸੈਰ ਕਰਨ ਗਏ ਦਲਬਾਰਾ ਸਿੰਘ ਦੀ ਟਰੈਕਟਰ ਦੀ ਟੱਕਰ ਕਾਰਨ ਮੌਤ ਹੋ ਗਈ ਹੈ। ਸਦਰ ਪੁਲਸ ਨੇ ਟਰੈਕਟਰ ਚਾਲਕ ਗੁਰਪਾਲ ਸਿੰਘ ਵਾਸੀ ਸੰਗਤੀਵਾਲਾ ਖਿਲਾਫ ਧਾਰਾ 279, 304 ਏ ਅਧੀਨ ਕੇਸ ਦਰਜ ਕਰ ਲਿਆ ਹੈ। ਮਨਪ੍ਰੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਚਾਚਾ ਸਹੁਰਾ ਦਰਬਾਰਾ ਸਿੰਘ ਸੈਰ ਕਰ ਰਿਹਾ ਸੀ ਤਾਂ ਗੁਰਪਾਲ ਸਿੰਘ ਨੇ ਟਰੈਕਟਰ ਉਸ ’ਤੇ ਚੜ੍ਹਾਅ ਦਿੱਤਾ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ।
ਨਰੇਸ਼ ਗੋਇਲ ਦੀ ਅੰਤਰਮ ਜ਼ਮਾਨਤ
ਮੁੰਬਈ : ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ’ਚ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨੂੰ ਸੋਮਵਾਰ ਮੈਡੀਕਲ ਆਧਾਰ ’ਤੇ 2 ਮਹੀਨੇ ਦੀ ਅੰਤਰਮ ਜ਼ਮਾਨਤ ਦੇ ਦਿੱਤੀ। ਗੋਇਲ ਨੇ ਕਿਹਾ ਸੀ ਕਿ ਉਹ ਅਤੇ ਉਨ੍ਹਾ ਦੀ ਪਤਨੀ ਟਰਮੀਨਲ ਕੈਂਸਰ ਤੋਂ ਪੀੜਤ ਹਨ। ਈ ਡੀ ਨੇ ਗੋਇਲ ਨੂੰ ਸਤੰਬਰ 2023 ’ਚ ਮਨੀ ਲਾਂਡਰਿੰਗ ਮਾਮਲੇ ਅਤੇ ਕੇਨਰਾ ਬੈਂਕ ਵੱਲੋਂ ਜੈੱਟ ਏਅਰਵੇਜ਼ ਨੂੰ ਦਿੱਤੇ ਗਏ 538.62 ਕਰੋੜ ਰੁਪਏ ’ਚ ਹੇਰਾਫੇਰੀ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਸੀ।


