ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਪਾਬੰਦੀਸ਼ੁਦਾ ਦਹਿਸ਼ਤਗਰਦ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਪੈਸੇ ਲੈਣ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਤੋਂ ਜਾਂਚ ਕਰਾਉਣ ਦੀ ਸਿਫਾਰਸ਼ ਕੀਤੀ ਹੈ। ਇਹ ਜਾਣਕਾਰੀ ਰਾਜ ਨਿਵਾਸ ਦੇ ਸੂਤਰਾਂ ਨੇ ਸੋਮਵਾਰ ਦਿੱਤੀ। ਆਮ ਆਦਮੀ ਪਾਰਟੀ ਨੇ ਇਸ ਨੂੰ ਭਾਜਪਾ ਦੀ ਸ਼ਹਿ ’ਤੇ ਕੇਜਰੀਵਾਲ ਖਿਲਾਫ ਇਕ ਹੋਰ ਸਾਜ਼ਿਸ਼ ਕਰਾਰ ਦਿੱਤਾ ਹੈ।
ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ਵਿਚ ਉਪ ਰਾਜਪਾਲ ਦੇ ਸਕੱਤਰੇਤ ਨੇ ਕਿਹਾ ਹੈ ਕਿ ਸਕਸੈਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਨੇ ਕਥਿਤ ਤੌਰ ’ਤੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਮਦਦ ਬਦਲੇ ਅੱਤਵਾਦੀ ਖਾਲਿਸਤਾਨੀ ਗਰੁੱਪਾਂ ਤੋਂ ਇਕ ਕਰੋੜ 60 ਲੱਖ ਡਾਲਰ ਹਾਸਲ ਕੀਤੇ।
ਭੁੱਲਰ, ਜਿਹੜਾ ਕਿ ਅੰਮਿ੍ਰਤਸਰ ਕੇਂਦਰੀ ਜੇਲ੍ਹ ਵਿਚ ਹੈ, ਨੂੰ 1993 ਵਿਚ ਦਿੱਲੀ ਵਿਚ ਬੰਬ ਧਮਾਕਾ ਕਰਕੇ 9 ਵਿਅਕਤੀਆਂ ਨੂੰ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਟਾਡਾ ਅਦਾਲਤ ਨੇ 25 ਅਗਸਤ 2001 ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ ਸੀ ਤੇ ਉਹ ਉਮਰ ਕੈਦ ਭੁਗਤ ਰਿਹਾ ਹੈ।
ਸੂਤਰਾਂ ਨੇ ਕਿਹਾ ਹੈ ਕਿ ਸਕਸੈਨਾ ਨੇ ਕਿਹਾ ਹੈ ਕਿ ਸ਼ਿਕਾਇਤ ਕਰਨ ਵਾਲੇ ਵੱਲੋਂ ਦਿੱਤੇ ਇਲੈਕਟ੍ਰਾਨਿਕ ਸਬੂਤਾਂ ਦੀ ਫੋਰੈਂਸਿਕ ਜਾਂਚ ਸਮੇਤ ਹੋਰ ਲੋੜੀਂਦੀ ਜਾਂਚ ਦੀ ਲੋੜ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤ ਮੁੱਖ ਮੰਤਰੀ ਖਿਲਾਫ ਕੀਤੀ ਗਈ ਹੈ ਤੇ ਪਾਬੰਦੀਸ਼ੁਦਾ ਦਹਿਸ਼ਤਗਰਦ ਜਥੇਬੰਦੀ ਤੋਂ ਫੰਡ ਲੈਣ ਨਾਲ ਸੰਬੰਧਤ ਹੈ। ਸੁਪਰੀਮ ਕੋਰਟ ਵੱਲੋਂ ਮੰਗਲਵਾਰ ਕੇਜਰੀਵਾਲ ਨੂੰ ਚੋਣਾਂ ਦੌਰਾਨ ਅੰਤਰਮ ਜ਼ਮਾਨਤ ਦੇਣ ’ਤੇ ਵਿਚਾਰ ਕਰਨ ਤੋਂ ਇਕ ਦਿਨ ਪਹਿਲਾਂ ਉਪਰੋਕਤ ਖਬਰ ਸਾਹਮਣੇ ਆਈ ਹੈ। ਈ ਡੀ ਵੱਲੋਂ ਗਿ੍ਰਫਤਾਰ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ 21 ਮਾਰਚ ਤੋਂ ਤਿਹਾੜ ਜੇਲ੍ਹ ਵਿਚ ਹਨ।
ਸ਼ਿਕਾਇਤ ਵਿਚ ਇਕ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ, ਜਿਹੜੀ ਖਾਲਿਸਤਾਨੀ ਗੁਰਪਤਵੰਤ ਸਿੰਘ ਪਨੂੰ ਨੇ ਜਾਰੀ ਕੀਤੀ ਸੀ। ਇਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਨੇ ਖਾਲਿਸਤਾਨੀ ਗਰੁੱਪਾਂ ਤੋਂ 2014 ਤੋਂ 2022 ਤਕ ਇਕ ਕਰੋੜ 60 ਲੱਖ ਡਾਲਰ ਹਾਸਲ ਕੀਤੇ। ਸ਼ਿਕਾਇਤ ਵਿਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ 2014 ਅਮਰੀਕਾ ਦੌਰੇ ਦੌਰਾਨ ਨਿਊਯਾਰਕ ਦੇ ਰਿਚਮੰਡ ਹਿਲਜ਼ ਦੇ ਗੁਰਦੁਆਰੇ ਵਿਚ ਖਾਲਿਸਤਾਨੀ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਅਤੇ ਪੈਸੇ ਮਿਲਣ ’ਤੇ ਭੁੱਲਰ ਦੀ ਰਿਹਾਈ ਵਿਚ ਮਦਦ ਕਰਨ ਦਾ ਵਾਅਦਾ ਕੀਤਾ।
ਆਪ ਦੇ ਆਗੂ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਭਾਜਪਾ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਹਾਰ ਰਹੀ ਹੈ ਤੇ ਇਸੇ ਕਰਕੇ ਇਕ ਹੋਰ ਸਾਜ਼ਿਸ਼ ਕਰ ਰਹੀ ਹੈ।
ਭੁੱਲਰ ਨੂੰ ਸਿਹਤ ਕਾਰਨਾਂ ਕਰਕੇ ਜੂਨ 2015 ਵਿਚ ਤਿਹਾੜ ਜੇਲ੍ਹ ਤੋਂ ਅੰਮਿ੍ਰਤਸਰ ਕੇਂਦਰੀ ਜੇਲ੍ਹ ਭੇਜਿਆ ਗਿਆ ਸੀ।



