ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ 11 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ ਮੰਗਲਵਾਰ ਪੋਲਿੰਗ ਹੋਵੇਗੀ। ਤੀਜੇ ਗੇੜ ਵਿਚ 95 ਸੀਟਾਂ ਲਈ ਪੋਲਿੰਗ ਹੋਣੀ ਸੀ ਪਰ ਸੂਰਤ ਤੋਂ ਭਾਜਪਾ ਦੇ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤੇ ਗਏ। ਅਨੰਤਨਾਗ-ਰਾਜੌਰੀ ਦੀ ਚੋਣ ਮੌਸਮ ਦੀ ਖਰਾਬੀ ਕਾਰਨ ਅੱਗੇ ਪਾ ਦਿੱਤੀ ਗਈ। ਦੂਜੇ ਪਾਸੇ ਮੱਧ ਪ੍ਰਦੇਸ਼ ਦੀ ਬੈਤੂਲ ਸੀਟ ਤੋਂ ਬਸਪਾ ਉਮੀਦਵਾਰ ਦੀ ਮੌਤ ਕਾਰਨ ਉੱਥੇ 26 ਅਪ੍ਰੈਲ ਨੂੰ ਹੋਣ ਵਾਲੀ ਚੋਣ ਹੁਣ 7 ਮਈ ਨੂੰ ਹੋਵੇਗੀ।
ਚੋਣਾਂ ਦਾ ਇਹ ਗੇੜ ਭਾਜਪਾ ਲਈ ਕਾਫੀ ਅਹਿਮ ਹੈ ਕਿਉਂਕਿ ਪਾਰਟੀ ਨੇ 2019 ’ਚ ਗੁਜਰਾਤ, ਛੱਤੀਸਗੜ੍ਹ, ਬਿਹਾਰ ਤੇ ਮੱਧ ਪ੍ਰਦੇਸ਼ ਸਮੇਤ ਇਨ੍ਹਾਂ ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਇਸ ਗੇੜ ’ਚ 120 ਮਹਿਲਾਵਾਂ ਸਮੇਤ 1300 ਉਮੀਦਵਾਰ ਚੋਣ ਮੈਦਾਨ ’ਚ ਹਨ। ਤੀਜੇ ਗੇੜ ਦੀਆਂ ਵੋਟਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (ਗਾਂਧੀਨਗਰ), ਜਯੋਤਿਰਦਿੱਤਿਆ ਸਿੰਧੀਆ (ਗੁਨਾ), ਪ੍ਰਸ਼ੋਤਮ ਰੁਪਾਲਾ (ਰਾਜਕੋਟ), ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ) ਤੇ ਦਿਗਵਿਜੈ ਸਿੰਘ (ਰਾਜਗੜ੍ਹ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਾਵੇਰੀ) ਅਤੇ ਬਦਰੂਦੀਨ ਅਜਮਲ (ਧੁਬੜੀ) ਜਿਹੇ ਵੱਡੇ ਆਗੂਆਂ ਦੀ ਕਿਸਮਤ ਦਾ ਵੀ ਫੈਸਲਾ ਹੋਵੇਗਾ। ਇਸ ਦੌਰਾਨ ਗੁਜਰਾਤ ਦੀਆਂ 25, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਕਰਨਾਟਕ ਦੀਆਂ ਬਾਕੀ ਰਹਿੰਦੀਆਂ 14, ਛੱਤੀਸਗੜ੍ਹ ਦੀਆਂ 7, ਮੱਧ ਪ੍ਰਦੇਸ਼ ਦੀਆਂ 8, ਬਿਹਾਰ ਦੀਆਂ ਪੰਜ, ਅਸਾਮ ਤੇ ਪੱਛਮੀ ਬੰਗਾਲ ਦੀਆਂ 4-4 ਅਤੇ ਗੋਆ ਦੀਆਂ ਦੋ ਸੀਟਾਂ ਲਈ ਵੋਟਾਂ ਪੈਣਗੀਆਂ। ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ (ਦੋ ਸੀਟਾਂ) ਲਈ ਵੀ ਵੋਟਾਂ ਤੀਜੇ ਗੇੜ ਦੌਰਾਨ ਹੀ ਪੈਣਗੀਆਂ।



