ਅਯੁੱਧਿਆ

0
198

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਅਯੁੱਧਿਆ ਵਿਚ ਲਗਪਗ ਦੋ ਕਿੱਲੋਮੀਟਰ ਰੋਡ ਸ਼ੋਅ ਕੀਤਾ। ਸੜਕ ਦੇ ਦੋਹੀਂ ਪਾਸੀਂ ਕਰੀਬ ਦੋ ਸੌ ਲਾਊਡ ਸਪੀਕਰ ਲੱਗੇ ਹੋਏ ਸਨ ਅਤੇ ਉਨ੍ਹਾ ਦਾ 50 ਤੋਂ ਵੱਧ ਬੈਂਡ ਵਾਜਿਆਂ ਵਾਲਿਆਂ ਤੇ 40 ਕਲਚਰਲ ਟੀਮਾਂ ਨੇ ਸਵਾਗਤ ਕੀਤਾ। ਅਯੁੱਧਿਆ ਤੇ ਨੇੜਲੇ ਜ਼ਿਲ੍ਹਿਆਂ ਤੋਂ ਰੰਗ-ਬਿਰੰਗੇ ਕੱਪੜੇ ਪਾ ਕੇ ਬੱਿਚਆਂ ਨਾਲ ਪੁੱਜੇ ਹਜ਼ਾਰਾਂ ਮਰਦਾਂ-ਔਰਤਾਂ ਨੇ ਕਾਫਲੇ ’ਤੇ ਫੁੱਲ-ਪੱਤੀਆਂ ਸੁੱਟੀਆਂ। ਟੀ ਵੀ ਚੈਨਲਾਂ ਵੱਲੋਂ ਦਿਖਾਏ ਗਏ ਰੋਡ ਸ਼ੋਅ ਤੋਂ ਲਗਦਾ ਸੀ ਕਿ ਭਾਜਪਾ ਉਮੀਦਵਾਰ ਦੀ ਜਿੱਤ ਪੱਕੀ ਹੈ ਪਰ ਇਹ ਸ਼ੋਅ ਦੇਖਣ ਵਾਲੇ ਲੋਕਾਂ ਵੱਲੋਂ ਪ੍ਰਗਟਾਈ ਰਾਇ ਕੁਝ ਹੋਰ ਹੀ ਕਹਾਣੀ ਕਹਿ ਰਹੀ ਸੀ। ਭੀੜ ਸ਼ਾਮੀਂ ਪੰਜ ਵਜੇ ਤੋਂ ਮੋਦੀ ਨੂੰ ਉਡੀਕ ਰਹੀ ਸੀ ਪਰ ਉਹ ਖੁੱਲ੍ਹੇ ਟਰੱਕ ਵਿਚ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੇ ਫੈਜ਼ਾਬਾਦ ਹਲਕੇ, ਜਿਸ ਵਿਚ ਅਯੁੱਧਿਆ ਕਸਬਾ ਆਉਦਾ ਹੈ, ਦੇ ਭਾਜਪਾ ਉਮੀਦਵਾਰ ਲੱਲੂ ਸਿੰਘ ਨਾਲ ਪੌਣੇ ਅੱਠ ਵਜੇ ਪੁੱਜੇ। ਅਯੁੱਧਿਆ ਵਿਚ 20 ਮਈ ਨੂੰ ਪੰਜਵੇਂ ਗੇੜ ਵਿਚ ਵੋਟਾਂ ਪੈਣੀਆਂ ਹਨ। ਰੋਡ ਸ਼ੋਅ ਦੌਰਾਨ ਇਕ ਭਾਜਪਾ ਸਿਆਸਤਦਾਨ ਨੇ ਕਿਹਾ ਕਿ ਪਹਿਲੇ ਦੋ ਗੇੜਾਂ ਵਿਚ ਘੱਟ ਹੋਈ ਪੋਲਿੰਗ ਦੱਸਦੀ ਹੈ ਕਿ ਭਾਜਪਾ ਦੀ ਹਾਲਤ ਠੀਕ ਨਹੀਂ। ਇਸ ਕਰਕੇ ਭਾਜਪਾ ਆਗੂਆਂ ਨੂੰ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਕੁਝ ਨਵਾਂ ਕਰਨਾ ਪੈਣਾ। ਬੂਥ ਪੱਧਰ ਦੇ ਭਾਜਪਾ ਵਰਕਰ ਰਾਜੇਸ਼ ਚੌਹਾਨ ਨੇ ਕਿਹਾ ਕਿ ਮੋਦੀ ਨੂੰ ਪੋਲਿੰਗ ਤੋਂ ਦੋ ਹਫਤੇ ਪਹਿਲਾਂ ਇੱਥੇ ਲੋਕਾਂ ਨੂੰ ਇਹ ਚੇਤੇ ਕਰਾਉਣ ਲਈ ਲਿਆਂਦਾ ਗਿਆ ਕਿ ਰਾਮ ਮੰਦਰ ਭਾਜਪਾ ਨੇ ਬਣਵਾਇਆ ਤੇ ਉਹ ਉਸ ਨੂੰ ਤੀਜੀ ਵਾਰ ਜਿਤਾਉਣ। ਰਾਮਪੱਥ ’ਤੇ ਕੋਲਡ ਡਿ੍ਰੰਕ ਵੇਚਣ ਵਾਲੇ ਅਰੁਣ ਪਾਂਡੇ ਨੇ ਮੰਨਿਆ ਕਿ ਰਾਮ ਮੰਦਰ ਬਣਾਉਣਾ ਵੱਡਾ ਕੰਮ ਹੈ ਪਰ ਮੋਦੀ ਨੂੰ ਬੋਲਣਾ ਘੱਟ ਤੇ ਸੋਚਣਾ ਜ਼ਿਆਦਾ ਚਾਹੀਦਾ ਹੈ। ਉਮਰ ਵਧਣ ਨਾਲ ਇਹ ਹੈ ਮੁਸ਼ਕਲ ਪਰ ਉਨ੍ਹਾ ਨੂੰ ਦੂਜਿਆਂ ’ਤੇ ਬੇਬੁਨਿਆਦ ਦੋਸ਼ ਲਾਉਣ ਤੋਂ ਬਚਣਾ ਚਾਹੀਦਾ। ਰਾਮ ਮੰਦਰ ਦੇ ਸਾਹਮਣੇ ਵਾਲੀ ਗਲੀ ਵਿਚ ਰਹਿੰਦੇ ਪਵਨ ਚੌਬੇ ਮੁਤਾਬਕ ਰੋਡ ਸ਼ੋਅ ਵਿਚ ਬਹੁਤੇ ਲੋਕ ਬਾਹਰੋਂ ਆਉਦੇ ਹਨ। ਠੀਕ ਹੈ ਕਿ ਤੁਸੀਂ ਮੰਦਰ ਬਣਾ ਦਿੱਤਾ ਪਰ ਰੋਜ਼ ਵੀ ਆਈ ਪੀ ਦੇ ਗੇੜੇ ਲੁਆ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ। ਚੌਬੇ ਨੇ ਇਹ ਅਹਿਮ ਗੱਲ ਵੀ ਕਹੀ ਕਿ ਰਾਮ ਮੰਦਰ ਦਾ ਫਾਇਦਾ ਉਨ੍ਹਾਂ ਨੂੰ ਹੀ ਹੋਇਆ ਹੈ, ਜਿਹੜੇ ਇਸ ਦੇ ਨਿਰਮਾਣ ਨਾਲ ਜੁੜੇ ਰਹੇ। ਮੰਦਰ ਵਿਚ ਦਿੱਤੇ ਜਾਂਦੇ ਇਲਾਇਚੀ ਦਾਣੇ ਦੇ ਪ੍ਰਸ਼ਾਦ ਦੇ ਠੇਕੇ ਭਾਜਪਾ ਦੇ ਹਮਾਇਤੀਆਂ ਨੇ ਲੈ ਲਏ ਹਨ ਤੇ ਉਹ ਅਚਾਨਕ ਮਾਲਾਮਾਲ ਹੋ ਗਏ ਹਨ। ਹੋਰਨਾਂ ਰਾਜਾਂ ਦੇ ਪ੍ਰਾਪਰਟੀ ਡੀਲਰਾਂ ਨੇ ਦਫਤਰ ਖੋਲ੍ਹ ਲਏ ਹਨ ਅਤੇ ਵੱਡੇ ਕਾਰਪੋਰੇਟ ਘਰਾਣੇ ਹੋਟਲ ਬਣਾ ਰਹੇ ਹਨ। ਉਹ ਸਥਾਨਕ ਲੋਕਾਂ ਨੂੰ ਚਪੜਾਸੀ ਤੇ ਵੇਟਰ ਰੱਖ ਰਹੇ ਹਨ, ਮੈਨੇਜਰ ਜਾਂ ਕਲਰਕ ਨਹੀਂ।
ਰਾਮ ਮੰਦਰ ਬਣਵਾ ਕੇ ਭਾਜਪਾ ਵੋਟਾਂ ਦੀ ਫਸਲ ਵੱਢਣੀ ਚਾਹੁੰਦੀ ਹੈ ਪਰ ਜਿਸ ਤਰ੍ਹਾਂ ਖੁਦ ਭਾਜਪਾ ਦੇ ਲੋਕ ਪੋਲਿੰਗ ਵਿਚ ਕਮੀ ਦੀ ਗੱਲ ਕਰ ਰਹੇ ਹਨ, ਉਸ ਨਾਲ ਲੱਗ ਨਹੀਂ ਰਿਹਾ ਕਿ ਮੰਦਰ ਦਾ ਮੁੱਦਾ ਭਾਜਪਾ ਨੂੰ ਕੋਈ ਵੱਡਾ ਫਾਇਦਾ ਪਹੁੰਚਾਏਗਾ। ਹਾਲਾਂਕਿ ਭਾਜਪਾ ਫੈਜ਼ਾਬਾਦ ਸੀਟ 2014 ਤੋਂ ਜਿੱਤਦੀ ਆ ਰਹੀ ਹੈ ਪਰ ਇਸ ਸੀਟ ਦਾ ਇਤਿਹਾਸ ਦੱਸਦਾ ਹੈ ਕਿ ਇੱਥੋਂ ਦੇ ਲੋਕ ਬਦਲਾਅ ਲਿਆਉਦੇ ਰਹਿੰਦੇ ਹਨ। 1989 ਵਿਚ ਇਸ ਸੀਟ ਤੋਂ ਲੋਕ ਸੀ ਪੀ ਆਈ ਦੇ ਮਿੱਤਰ ਸੇਨ ਯਾਦਵ ਨੂੰ ਵੀ ਜਿਤਾ ਚੁੱਕੇ ਹਨ, ਜਦੋਂ ਰਾਮ ਮੰਦਰ ਲਹਿਰ ਸਿਖਰਾਂ ’ਤੇ ਸੀ।

LEAVE A REPLY

Please enter your comment!
Please enter your name here