ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਰਾਮ ਨਾਥ ਕੋਵਿੰਦ ਨੇ ਐਤਵਾਰ ਆਪਣੇ ਵਿਦਾਇਗੀ ਸੰਬੋਧਨ ਵਿਚ ਦੇਸ਼ ਵਾਸੀਆਂ ਨੂੰ ਆਧੁਨਿਕ ਰਾਸ਼ਟਰ ਦੇ ਬਾਨੀਆਂ ਦੇ ਪੈਰ-ਚਿੰਨ੍ਹਾਂ ‘ਤੇ ਚੱਲਣ ਦਾ ਸੱਦਾ ਦਿੱਤਾ, ਜਿਨ੍ਹਾਂ ਇਨਸਾਫ, ਸੁਤੰਤਰਤਾ, ਬਰਾਬਰੀ ਤੇ ਭਾਈਚਾਰਕ ਸਾਂਝ ਦੇ ਆਦਰਸ਼ਾਂ ‘ਤੇ ਪਹਿਰਾ ਦਿੱਤਾ | ਬੀ ਆਰ ਅੰਬੇਡਕਰ ਦੇ ਹਵਾਲੇ ਨਾਲ ਉਨ੍ਹਾ ਕਿਹਾ—ਸੁਤੰਤਰਤਾ, ਬਰਾਬਰੀ ਤੇ ਭਾਈਚਾਰਕ ਸਾਂਝ ਦੇ ਇਨ੍ਹਾਂ ਸਿਧਾਂਤਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ | ਇਕ ਨੂੰ ਵੀ ਛੱਡਣ ਦਾ ਮਤਲਬ ਜਮਹੂਰੀਅਤ ਦੇ ਬੁਨਿਆਦੀ ਉਦੇਸ਼ ਤੋਂ ਭਟਕਣਾ ਹੈ | ਇਸ ਤੋਂ ਇਲਾਵਾ ਉਨ੍ਹਾ ਆਪਣੀ ਤਕਰੀਰ ਵਿਚ ਵਾਤਾਵਰਨ ਨੂੰ ਬਚਾਉਣ ਅਤੇ ਸਿਹਤ ਤੇ ਸਿੱਖਿਆ ਦੇ ਢਾਂਚੇ ਵਿਚ ਸੁਧਾਰ ਦੀਆਂ ਗੱਲਾਂ ਵੀ ਕੀਤੀਆਂ, ਪਰ ਭਾਰਤ ਦੇ ਪਹਿਲੇ ਨਾਗਰਿਕ ਵਜੋਂ ਉਨ੍ਹਾ ਦੇ ਪੰਜ ਸਾਲ ਦੇ ਕਾਰਜਕਾਲ ਵਿਚ ਨਾਗਰਿਕਾਂ ਦੀਆਂ ਆਜ਼ਾਦੀਆਂ ਉੱਤੇ ਜ਼ਬਰਦਸਤ ਹਮਲੇ ਹੋਏ, ਬਰਾਬਰੀ ਦੀਆਂ ਕਦਰਾਂ-ਕੀਮਤਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਗਿਆ ਤੇ ਬਹੁਗਿਣਤੀ ਦੀਆਂ ਮਨਮਾਨੀਆਂ ‘ਤੇ ਰੋਕ ਲਾਉਣ ਦੀ ਕੋਸ਼ਿਸ਼ ਨਹੀਂ ਹੋਈ | ਅਸਹਿਮਤਾਂ ‘ਤੇ ਤਸ਼ੱਦਦ ਢਾਹੇ ਗਏ, ਸਮਾਜੀ ਘਿ੍ਣਾ ਨੂੰ ਫੈਲਣੋਂ ਨਹੀਂ ਰੋਕਿਆ ਗਿਆ, ਮਨੁੱਖੀ ਹੱਕਾਂ ਦੀਆਂ ਖੁੱਲ੍ਹੇਆਮ ਉਲੰਘਣਾਵਾਂ ਕੀਤੀਆਂ ਗਈਆਂ ਅਤੇ ਰਾਜ ਨਾਗਰਿਕਾਂ ਨੂੰ ਦਹਿਸ਼ਤਜ਼ਦਾ ਕਰਨ ਵਾਲੀ ਏਜੰਸੀ ਬਣਿਆ ਰਿਹਾ | ਏਨਾ ਕੁਝ ਹੋਣ ਦੇ ਬਾਵਜੂਦ ਕੋਵਿੰਦ ਲੋਕਾਂ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲੇ | ਸਰਕਾਰ ਵਿਰੁੱਧ ਲੋਕਾਂ ਨੇ ਕਈ ਮਾਮਲਿਆਂ ਵਿਚ ਰੋਹ ਪ੍ਰਗਟਾਇਆ, ਪਰ ਕੋਵਿੰਦ ਨੇ ਖੁਦ ਤਾਂ ਕੁਝ ਕੀ ਕਹਿਣਾ ਸੀ ਉਨ੍ਹਾਂ ਦੀ ਹਾਂ ਵਿਚ ਹਾਂ ਵੀ ਨਹੀਂ ਮਿਲਾਈ, ਜਿਵੇਂ ਕਿ ਉਨ੍ਹਾ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਕੇ ਆਰ ਨਾਰਾਇਣਨ ਨੇ 1999 ਵਿਚ ਓਡੀਸ਼ਾ ਵਿਚ ਆਸਟ੍ਰੇਲੀਅਨ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸ ਦੇ ਦੋ ਨੌਜਵਾਨ ਬੱਚਿਆਂ ਦੀ ਵਹਿਸ਼ੀਆਨਾ ਹੱਤਿਆ ਨੂੰ ਸਹਿਣਸ਼ੀਲਤਾ ਤੇ ਇਕਸੁਰਤਾ ਉੱਤੇ ਭਿਆਨਕ ਹਮਲਾ ਕਰਾਰ ਦਿੰਦਿਆਂ ਉਸ ਦੀ ਕਰੜੀ ਨਿੰਦਾ ਕਰਨ ਵਿਚ ਦੇਸ਼ ਦੀ ਅਗਵਾਈ ਕੀਤੀ ਸੀ | ਕੋਵਿੰਦ ਦੇ ਦੌਰ ਵਿਚ ਹੀ ਕੋਰੋਨਾ ਮਹਾਂਮਾਰੀ ਦੇ ਪਹਿਲੇ ਹੱਲੇ ਦੌਰਾਨ ਹਜ਼ਾਰਾਂ ਪ੍ਰਵਾਸੀਆਂ ਨੂੰ ਬਿਨਾਂ ਸਰਕਾਰੀ ਮਦਦ ਦੇ ਭੁੱਖੇ-ਭਾਣੇ ਪੈਦਲ ਪਿੰਡਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ, ਕਮਜ਼ੋਰ ਤੇ ਮਰਨ ਕੰਢੇ ਪੁੱਜੇ ਫਾਦਰ ਸਟੈਨ ਸਵਾਮੀ ਨੂੰ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਰੱਖਿਆ ਗਿਆ, ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ, ਹਾਥਰਸ ਵਿਚ ਇਕ ਦਲਿਤ ਕੁੜੀ ਦਾ ਵਹਿਸ਼ੀਆਨਾ ਬਲਾਤਕਾਰ ਤੇ ਕਤਲ ਹੋਇਆ ਅਤੇ ਵਰਦੀਧਾਰੀਆਂ ਨੇ ਇਹ ਜੁਰਮ ਕਰਨ ਵਾਲਿਆਂ ਨੂੰ ਬਚਾਉਣ ਦੀ ਪੂਰੀ ਵਾਹ ਲਾਈ | ਉਮਰ ਖਾਲਿਦ ਤੇ ਸਿੱਦੀਕ ਕੱਪਨ ਵਰਗਿਆਂ ਨੂੰ ਸੁਤੰਤਰਤਾ ਦੇ ਸਿਧਾਂਤ ਦੀ ਪਾਲਣਾ ਕਰਨ ਖਾਤਰ ਜੇਲ੍ਹਾਂ ਵਿਚ ਡੱਕਿਆ ਗਿਆ | ਕੋਵਿੰਦ ਦੀਆਂ ਨਜ਼ਰਾਂ ਹੇਠ ਹੀ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਖਤਮ ਕਰਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ | ਕੋਵਿੰਦ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ 2017 ਵਿਚ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਦੇਸ਼ ਵਾਸੀਆਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ ਜ਼ਰੂਰ ਕੀਤੀ ਸੀ, ਪਰ ਲਿੰਚਿੰਗ, ਘੱਟ ਗਿਣਤੀਆਂ ਉਤੇ ਹਮਲੇ ਤੇ ਨਫਰਤ ਫੈਲਾਉਣ ਵਾਲੀਆਂ ਕਾਰਵਾਈਆਂ ਵਿਰੁੱਧ ਉਹ ਜ਼ਿਆਦਾਤਰ ਖਾਮੋਸ਼ ਹੀ ਰਹੇ |