ਨਵੀਂ ਦਿੱਲੀ : ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਦੌਰਾਨ ਉਨ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ ’ਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਔਰਤਾਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਲਿਤ, ਆਦਿਵਾਸੀਆਂ, ਪੱਛੜੇ ਵਰਗ ਅਤੇ ਘੱਟ ਗਿਣਤੀਆਂ ਨਾਲ ਭੇਦਭਾਵ ਹੋ ਰਿਹਾ ਹੈ। ਇਹ ਮਾਹੌਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਹੋ ਰਿਹਾ ਹੈ। ਉਨ੍ਹਾ ਦਾ ਮੰਤਵ ਕੇਵਲ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨਾ ਹੈ। ਉਨ੍ਹਾ ਸਿਆਸੀ ਲਾਭ ਲਈ ਨਫ਼ਰਤ ਨੂੰ ਬੜਾਵਾ ਦਿੱਤਾ। ਕਾਂਗਰਸ ਅਤੇ ‘ਇੰਡੀਆ’ ਗਠਜੋੜ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਸਮਰਪਿਤ ਹੈ। ਉਨ੍ਹਾ ਕਿਹਾ ਕਿ ਝੂਠ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਖਾਰਜ ਕਰੋ ਤੇ ਸਾਰਿਆਂ ਦੇ ਉਜਵਲ ਭਵਿੱਖ ਲਈ ਕਾਂਗਰਸ ਨੂੰ ਵੋਟ ਦਿਓ।



