ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦਾ ਗੜ੍ਹ ਕਰਨਾਟਕ ਦਾ ਹਾਸਨ ਇਲਾਕਾ ਅੱਜ ਉਸ ਦੇ ਪੋਤੇ ਪ੍ਰਜਵਲ ਰੇਵੰਨਾ ਕਾਰਨ ਬਦਨਾਮੀ ਦੀ ਸਿਖਰ ਉੱਤੇ ਹੈ। ਮੌਜੂਦਾ ਸਾਂਸਦ ਤੇ ਹਾਸਨ ਤੋਂ ਉਮੀਦਵਾਰ ਰੇਵੰਨਾ ਵੱਲੋਂ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਇੱਕ-ਇੱਕ ਕਰਕੇ ਜ਼ਿਲ੍ਹੇ ਵਿੱਚੋਂ ਹਿਜਰਤ ਕਰਨ ਲਈ ਮਜਬੂਰ ਹਨ। ਬਲਾਤਕਾਰ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਬਦਨਾਮੀ ਦੇ ਡਰੋਂ ਤੇ ਜਾਨ ਨੂੰ ਖ਼ਤਰੇ ਕਾਰਨ ਉਹ ਘਰ-ਬਾਰ ਛੱਡਣ ਲਈ ਮਜਬੂਰ ਹਨ।
ਪ੍ਰਜਵਲ ਰੇਵੰਨਾ ਦੇ ਪਿਤਾ ਐਚ ਡੀ ਰੇਵੰਨਾ, ਜੋ ਵਿਧਾਇਕ ਹਨ, ਨੂੰ ਇੱਕ ਔਰਤ ਨੂੰ ਅਗਵਾ ਕਰਨ ਦੀ ਦੋਸ਼ ਹੇਠ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਉਸ ਨੇ ਉਸ ਔਰਤ ਨੂੰ ਐਸ ਆਈ ਟੀ ਕੋਲ ਜਾਣ ਤੋਂ ਰੋਕਣ ਲਈ ਅਗਵਾ ਕੀਤਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੂਰਾ ਜ਼ਿਲ੍ਹਾ ਐਚ ਡੀ ਰੇਵੰਨਾ ਦੀ ਸਲਤਨਤ ਬਣਿਆ ਹੋਇਆ ਹੈ। ਇਸ ਪਰਵਾਰ ਕੋਲ ਅਜਿਹੇ ਸੈਂਕੜੇ ਲੋਕ ਹਨ, ਜੋ ਪਲ-ਪਲ ਦੀ ਖ਼ਬਰ ਉਨ੍ਹਾਂ ਨੂੰ ਪੁਚਾਉਂਦੇ ਹਨ। ਇਸ ਡਰ ਕਾਰਨ ਕੋਈ ਵੀ ਉਨ੍ਹਾਂ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦਾ।
ਪ੍ਰਜਵਲ ਵਿਰੁੱਧ ਪਹਿਲੀ ਸ਼ਿਕਾਇਤ 28 ਅਪ੍ਰੈਲ ਨੂੰ ਇੱਕ ਪੀੜਤ ਔਰਤ ਵੱਲੋਂ ਦਰਜ ਕਰਾਈ ਗਈ ਸੀ। ਉਸ ਔਰਤ ਦਾ ਪਰਵਾਰ ਆਪਣਾ ਘਰ ਛੱਡ ਚੁੱਕਾ ਹੈ। ਉਹ ਔਰਤ ਰੇਵੰਨਾ ਦੇ ਘਰ ਘਰੇਲੂ ਨੌਕਰਾਣੀ ਸੀ। ਲੋਕਾਂ ਨੂੰ ਪਤਾ ਨਹੀਂ ਕਿ ਔਰਤ ਕਿੱਥੇ ਚਲੀ ਗਈ ਹੈ। ਪੱਤਰਕਾਰਾਂ ਨੂੰ ਇੱਕ ਸਥਾਨਕ ਜੇ ਡੀ ਐਸ ਆਗੂ ਨੇ ਦੱਸਿਆ ਕਿ ਕਈ ਹੋਰ ਔਰਤਾਂ ਵੀ ਗਾਇਬ ਹਨ, ਜਿਹੜੀਆਂ ਪਾਰਟੀ ਲਈ ਕੰਮ ਕਰਦੀਆਂ ਸਨ।
ਇਸ ਬਲਾਤਕਾਰ ਕਾਂਡ ਨੇ ਕਈ ਘਰਾਂ ਵਿੱਚ ਸ਼ੱਕ ਦੇ ਬੀਜ ਬੋਅ ਦਿੱਤੇ ਹਨ। ਪਤੀ ਆਪਣੀਆਂ ਪਤਨੀਆਂ ਨੂੰ ਸਾਂਸਦ ਨਾਲ ਸੰਬੰਧਾਂ ਬਾਰੇ ਸਵਾਲ ਕਰ ਰਹੇ ਹਨ। ਸਥਾਨਕ ਨਿਵਾਸੀ ਨੇ ਕਿਹਾ ਕਿ ਇਹ ਘਟਨਾ ਕਈ ਘਰਾਂ ਨੂੰ ਬਰਬਾਦ ਕਰ ਦੇਵੇਗੀ। ਬਲਾਤਕਾਰ ਦੇ ਕੇਸ ਵਿੱਚ ਸ਼ਿਕਾਇਤ ਕਰਨ ਵਾਲੀ ਜ਼ਿਲ੍ਹਾ ਪੰਚਾਇਤ ਮੈਂਬਰ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਤਿੰਨ ਸਾਲ ਬਲਾਤਕਾਰ ਕੀਤਾ ਗਿਆ। ਇਸ ਔਰਤ ਦਾ ਵੀ ਪੂਰਾ ਪਰਵਾਰ ਘਰ ਛੱਡ ਚੁੱਕਾ ਹੈ।
ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਨੂੰ ਪੁਲਸ ਕੋਲ ਜਾਣ ਤੋਂ ਰੋਕਣ ਲਈ ਐਚ ਡੀ ਰੇਵੰਨਾ ਨੇ ਉਸ ਦੀ ਮਾਂ ਨੂੰ ਅਗਵਾ ਕਰ ਲਿਆ ਸੀ। ਐਸ ਆਈ ਟੀ ਦੀ ਟੀਮ ਜਦੋਂ ਰੇਵੰਨਾ ਦੇ ਘਰ ਪਹੁੰਚੀ ਤਾਂ ਉਥੇ ਮੌਜੂਦ ਪਾਰਟੀ ਵਰਕਰ ਕਹਿ ਰਹੇ ਸਨ ਕਿ ਉਕਤ ਔਰਤ ਉਨ੍ਹਾਂ ਦੇ ਘਰ ਕੋਲ ਰਹਿੰਦੀ ਸੀ ਤੇ ਪਾਰਟੀ ਕੰਮਾਂ ਵਿੱਚ ਬਹੁਤ ਸਰਗਰਮ ਸੀ, ਹੁਣ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ। ਲੋਕਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਔਰਤਾਂ ਦੇ ਚਿਹਰੇ ਉਜਾਗਰ ਕਰਨਾ ਗਲਤ ਸੀ। ਇਕ ਦੁਕਾਨਦਾਰ ਨੇ ਕਿਹਾ ਕਿ ਘਰ ਛੱਡ ਕੇ ਗਏ ਲੋਕ ਵਾਪਸ ਆਉਣਗੇ ਕਿ ਨਹੀਂ, ਇਸ ਦਾ ਕੋਈ ਪਤਾ ਨਹੀਂ, ਕਿਉਂਕਿ ਰੇਵੰਨਾ ਪਰਵਾਰ ਦਾ ਪੂਰੇ ਜ਼ਿਲ੍ਹੇ ਵਿੱਚ ਖੌਫ਼ ਹੈ। ਰੇਵੰਨਾ ਪਰਵਾਰ ਨਾਲ ਲੜਨਾ ਨਾਮੁਮਕਿਨ ਹੈ, ਇਸ ਲਈ ਲੋਕ ਆਪਣੀ ਜਾਨ ਦਾਅ ਉੱਤੇ ਨਹੀਂ ਲਾਉਣਾ ਚਾਹੁੰਦੇ।
ਇੱਕ ਜੇ ਡੀ ਐਸ ਵਰਕਰ ਨੇ ਪੱਤਰਕਾਰਾਂ ਦੀ ਟੀਮ ਨੂੰ ਕਿਹਾ ਕਿ ਪ੍ਰਜਵਲ ਨੇ ਜੋ ਕੀਤਾ, ਉਹ ਮਾਫ਼ੀ ਯੋਗ ਨਹੀਂ। ਦੇਵਗੌੜਾ ਨੇ ਜ਼ਿੰਦਗੀ ਦੇ ਚਾਰ ਦਹਾਕੇ ਲਾ ਕੇ ਜੋ ਵਿਰਾਸਤ ਤਿਆਰ ਕੀਤੀ ਸੀ, ਉਹ ਪ੍ਰਜਵਲ ਦੀਆਂ ਕਰਤੂਤਾਂ ਕਾਰਨ ਤਹਿਸ-ਨਹਿਸ ਹੋ ਗਈ ਹੈ।
ਇਸ ਕੇਸ ਵਿੱਚ ਹੁਣ ਤੱਕ ਤਿੰਨ ਪੀੜਤ ਔਰਤਾਂ ਕੇਸ ਦਰਜ ਕਰਾ ਚੁੱਕੀਆਂ ਹਨ। ਐਚ ਡੀ ਰੇਵੰਨਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੋਰ ਵੀ ਪੀੜਤਾਂ ਸਾਹਮਣੇ ਆ ਸਕਦੀਆਂ ਹਨ।



