ਲਖਨਊ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਨੌਜ ‘ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦਾ ਉੱਤਰ ਪ੍ਰਦੇਸ਼ ‘ਚ ਤੂਫਾਨ ਆ ਰਿਹਾ ਹੈ, ਸੂਬੇ ‘ਚ ਭਾਜਪਾ ਨੂੰ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਏਗਾ | ਇਹ ਲਿਖ ਕੇ ਲੈ ਲਓ, ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਨਹੀਂ ਬਣਨਗੇ |
ਰਾਹੁਲ ਤੋਂ ਇਲਾਵਾ ਰੈਲੀ ਨੂੰ ਅਖਿਲੇਸ਼ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਸੰਬੋਧਨ ਕੀਤਾ | ਯੂ ਪੀ ਵਿਚ ਕਾਂਗਰਸ 80 ਵਿੱਚੋਂ 17 ਸੀਟਾਂ ਲੜ ਰਹੀ ਹੈ | ਪਿਛਲੀ ਵਾਰ ਭਾਜਪਾ ਨੇ 62 ਤੇ ਉਸਦੇ ਇਤਿਹਾਦੀ ਅਪਨਾ ਦਲ (ਐੱਸ) ਨੇ ਦੋ ਸੀਟਾਂ ਜਿੱਤੀਆਂ ਸਨ | ਰਾਹੁਲ ਨੇ ਕਿਹਾ ਕਿ ਇੰਡੀਆ ਗੱਠਜੋੜ ਨੇ ਪਿਛਲੇ ਸਾਲਾਂ ਵਿਚ ਲੋੜੀਂਦੀ ਚੋਣ ਤਿਆਰੀ ਕੀਤੀ | ਭਾਰਤ ਜੋੜੋ ਯਾਤਰਾ ਤੇ ਨਿਆਏ ਯਾਤਰਾ ਕੱਢੀ ਗਈ ਅਤੇ ਅਪੋਜ਼ੀਸ਼ਨ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਨਫਰਤ ਦੇ ਬਾਜ਼ਾਰਾਂ ਵਿਚ ਮੁਹੱਬਤ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ |
ਰਾਹੁਲ ਨੇ ਮੋਦੀ ਦੇ ਇਸ ਹਾਲੀਆ ਦੋਸ਼ ਦਾ ਫਿਰ ਜਵਾਬ ਦਿੱਤਾ ਕਿ ਕਾਂਗਰਸ ਅਤੇ ਅਡਾਨੀ-ਅੰਬਾਨੀ ਵਿਚਾਲੇ ਸੌਦਾ ਵੱਜ ਗਿਆ ਹੈ | ਰਾਹੁਲ ਨੇ ਕਿਹਾ—ਤੁਸੀਂ ਦੇਖਿਆ ਹੈ ਕਿ ਮੋਦੀ ਜੀ ਨੇ 10 ਸਾਲ ਅੰਬਾਨੀ ਤੇ ਅਡਾਨੀ ਦਾ ਨਾਂ ਨਹੀਂ ਲਿਆ | ਪਰ ਹੁਣ ਉਹ ਉਨ੍ਹਾਂ ਦੇ ਨਾਂ ਲੈ ਰਹੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਨ੍ਹਾ ਨੂੰ ਬਚਾਅ ਲੈਣਗੇ | ਰਾਹੁਲ ਨੇ ਕਿਹਾ ਕਿ ਦੋਨੋਂ ਬਿਜ਼ਨਸਮੈਨ ਮੋਦੀ ਦੇ ਦੋਸਤ ਰਹੇ ਹਨ ਤੇ ਹੁਣ ਮੋਦੀ ਕਹਿ ਰਹੇ ਹਨ—ਇੰਡੀਆ ਗੱਠਜੋੜ ਨੇ ਮੈਨੂੰ ਘੇਰ ਲਿਆ ਹੈ, ਮੈਂ ਹਾਰ ਰਿਹਾ ਹਾਂ | ਬਚਾਓ ਮੈਨੂੰ, ਅਡਾਨੀ-ਅੰਬਾਨੀ ਜੀ ਬਚਾਓ ਮੈਨੂੰ |
ਮੋਦੀ ਨੇ ਬੁੱਧਵਾਰ ਚੋਣ ਰੈਲੀ ਵਿਚ ਪੁੱਛਿਆ ਸੀ ਕਿ ਕਾਂਗਰਸ ਨੂੰ ਰਾਹੁਲ ਨੂੰ ਆਪਣੇ ਵਿਰੁੱਧ ਬੋਲਣ ਤੋਂ ਰੋਕਣ ਲਈ ਦੋਹਾਂ ਬਿਜ਼ਨਸਮੈਨਾਂ ਤੋਂ ਕਾਲੇ ਧਨ ਨਾਲ ਭਰੇ ਕਿੰਨੇ ਟੈਂਪੂ ਮਿਲੇ | ਰਾਹੁਲ ਨੇ ਇਸਦਾ ਜ਼ਿਕਰ ਕਰਦਿਆਂ ਕਿਹਾ—ਮੋਦੀ ਜੀ ਇਹ ਵੀ ਜਾਣਦੇ ਹਨ ਕਿ ਅਡਾਨੀ ਜੀ ਕਿਹੜੇ ਟੈਂਪੂ ਵਿਚ ਕਿਸ ਕਿਸਮ ਦਾ ਧਨ ਭੇਜਦੇ ਹਨ | ਪ੍ਰਧਾਨ ਮੰਤਰੀ ਦਾ ਨਿਜੀ ਤਜਰਬਾ ਲਗਦੈ | ਰੈਲੀ ਵਾਲੀ ਥਾਂ ਪੁੱਜਣ ਲਈ ਵਹੀਕਲਾਂ ਨੂੰ ਰੋਕਣ ਬਾਰੇ ਇਕ ਖਬਰ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਹ ਹਰਕਤਾਂ ਅਖਿਲੇਸ਼ ਯਾਦਵ ਨੂੰ ਕਨੌਜ ਤੋਂ ਜਿੱਤਣ ਤੋਂ ਰੋਕ ਨਹੀਂ ਸਕਦੀਆਂ |
ਰਾਹੁਲ ਨੇ ਕਿਹਾ—ਲੋਕਾਂ ਨੇ ਮਨ ਬਣਾ ਲਿਆ ਹੈ | ਯੂ ਪੀ ‘ਚ ਬਦਲਾਅ ਹੋਣ ਜਾ ਰਿਹਾ ਹੈ | ਭਾਰਤ ਵਿਚ ਬਦਲਾਅ ਹੋਣ ਜਾ ਰਿਹਾ ਹੈ | ਅਖਿਲੇਸ਼ ਨੇ ਕਿਹਾ ਕਿ ਹੁਣ ਤਕ ਹੋਈ ਵੋਟਿੰਗ ਤੋਂ ਸਾਫ ਹੈ ਕਿ ਭਾਜਪਾ ਦੀ ਹਾਲਤ ਖਰਾਬ ਹੈ | ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਰਿਜ਼ਰਵੇਸ਼ਨ ਖਤਮ ਕਰਨ ਲਈ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ |



