ਮਾਸਟਰ ਗੁਰਚਰਨ ਸਿੰਘ ਮਾਨ ਵੱਲੋਂ ਸੈਂਕੜੇ ਹਮਾਇਤੀਆਂ ਨਾਲ ਪਹੁੰਚ ਕੇ ਨਾਮਜ਼ਦਗੀ ਕਾਗਜ਼ ਦਾਖ਼ਲ

0
91

ਫਰੀਦਕੋਟ (ਐਲਿਗਜ਼ੈਂਡਰ ਡਿਸੂਜ਼ਾ)-ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੈਂਕੜੇ ਸਾਥੀਆਂ ਦੇ ਕਾਫਲੇ ਨਾਲ ਸਥਾਨਕ ਮਿੰਨੀ ਸਕੱਤਰੇਤ ਪਹੁੰਚ ਕੇ ਕਾਗਜ਼ ਦਾਖ਼ਲ ਕੀਤੇ | ਕਾਗਜ਼ ਭਰਨ ਸਮੇਂ ਉਨ੍ਹਾਂ ਨਾਲ ਸੀ ਪੀ ਆਈ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਬਰਾੜ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਸੀ ਪੀ ਐੱਮ ਦੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਅਪਾਰ ਸਿੰਘ ਸੰਧੂ ਤੋਂ ਇਲਾਵਾ ਸੀ ਪੀ ਆਈ ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਵੀ ਹਾਜ਼ਰ ਸਨ |
ਕਾਗਜ਼ ਭਰਨ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਹੀਦ ਕਾਮਰੇਡ ਅਮੋਲਕ ਭਵਨ ਫਰੀਦਕੋਟ ਵਿੱਚ ਪੂਰੇ ਪਾਰਲੀਮਾਨੀ ਹਲਕੇ ਤੋਂ ਪਹੁੰਚੇ | ਦੋਹਾਂ ਪਾਰਟੀਆਂ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਦੇ ਤਾਜ਼ਾ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਹੈ ਅਤੇ ਦੇਸ਼ ਦੀ ਸਿਆਸੀ ਫਿਜ਼ਾ ਵਿੱਚ ਤਬਦੀਲੀ ਸਾਫ ਨਜ਼ਰ ਆ ਰਹੀ ਹੈ | ਕਾਮਰੇਡ ਹਰਦੇਵ ਅਰਸ਼ੀ ਅਤੇ ਕਾਮਰੇਡ ਜਗਰੂਪ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਲੋਕਾਂ ਦੇ ਅਸਲ ਮੁੱਦਿਆਂ ਬੇਰੁਜ਼ਗਾਰੀ, ਮਹਿੰਗਾਈ ਵਿਰੁੱਧ ਅਤੇ ਮਿਹਨਤਕਸ਼ ਅਵਾਮ ਦੀਆਂ ਅਸਲ ਮੰਗਾਂ ਲਈ ਲੜਾਈ ਲੜਦੀਆਂ ਹਨ | ਸਾਡਾ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਸਾਰੀ ਜ਼ਿੰਦਗੀ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਵਿੱਚ ਸੇਵਾ ਕਰਨ ਵਾਲਾ ਪਰਖਿਆ ਉਮੀਦਵਾਰ ਹੈ, ਜਦਕਿ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਹਾਕਮ ਧਿਰ ਦਾ ਦਬਾਅ ਪੈਣ ‘ਤੇ ਵਫਾਦਾਰੀਆਂ ਬਦਲਣ ਵਿੱਚ ਦੇਰ ਨਹੀਂ ਲਾਉਂਦੇ | ਐਡਵੋਕੇਟ ਸਵਰਨਜੀਤ ਸਿੰਘ ਸੀ ਪੀ ਐੱਮ ਆਗੂ ਨੇ ਦੱਸਿਆ ਕਿ ਲਾਲ ਝੰਡੇ ਦੀਆਂ ਪਾਰਟੀਆਂ ਪੂਰੀ ਏਕਤਾ ਨਾਲ ਪੰਜਾਬ ਦੀਆਂ ਚਾਰ ਸੀਟਾਂ ‘ਤੇ ਲੜ ਰਹੀਆਂ ਹਨ |
ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਸੰਬੋਧਨ ਕਰਦੇ ਹੋਏ ਮੋਦੀ ਰਾਜ ਵਿੱਚ ਔਰਤਾਂ ‘ਤੇ ਹੋਏ ਜਬਰ ਜ਼ੁਲਮ ਦੀ ਚਰਚਾ ਕਰਦੇ ਹੋਏ ਇਸ ਸਰਕਾਰ ਨੂੰ ਚੱਲਦਾ ਕਰਨ ਦੀ ਅਪੀਲ ਕੀਤੀ | ਸੀ ਪੀ ਆਈ ਦੇ ਮੋਗਾ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਸਾਡੀ ਪਾਰਟੀ ਨਰੇਗਾ ਮਜ਼ਦੂਰ ਦੀ ਦਿਹਾੜੀ 700 ਰੁਪਏ ਅਤੇ ਸਾਲ ਵਿੱਚ 200 ਦਿਨ ਕੰਮ ਤੋਂ ਇਲਾਵਾ ਸਭ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੀ ਹੈ | ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਇਨ੍ਹਾਂ ਚੋਣਾਂ ਵਿੱਚ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਫਸਲਾਂ ਦੇ ਲਾਹੇਵੰਦ ਭਾਅ ਦੀ ਗਰੰਟੀ ਵਾਲੇ ਕਾਨੂੰਨ ਦੀ ਮੰਗ ਨੂੰ ਉਭਾਰ ਰਹੀ ਹੈ | ਮਾਸਟਰ ਗੁਰਚਰਨ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਦੇ ਹੁਕਮ ਮੁਤਾਬਿਕ ਉਹ ਚੋਣ ਮੁਹਿੰਮ ਦੌਰਾਨ ਅਤੇ ਬਾਅਦ ਵਿੱਚ ਵੀ ਹਲਕੇ ਦੀ ਸੇਵਾ ਲਈ ਹਰ ਵਕਤ ਤਿਆਰ ਰਹਿਣਗੇ | ਇਸ ਮੌਕੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਅਤੇ ਕੁਲਵੰਤ ਸਿੰਘ ਚਾਨੀ ਅਤੇ ਸੋਮ ਨਾਥ ਅਰੋੜਾ ਨੇ ਮੌਕੇ ‘ਤੇ ਆਪਣੀ ਜੱਥੇਬੰਦੀ ਵੱਲੋਂ ਮਾਇਕ ਸਹਾਇਤਾ ਕੀਤੀ | ਇਸ ਜਲਸੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੁਰਿੰਦਰ ਢੰਡੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ, ਕਰਮਵੀਰ ਬੱਧਨੀ, ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕਾਮਰੇਡ ਇੰਦਰਜੀਤ, ਅਸ਼ਵਨੀ ਕੁਮਾਰ, ਸੁਖਜਿੰਦਰ ਸਿੰਘ ਤੂੰਬੜਭੰਨ, ਗੋਰਾ ਪਿਪਲੀ, ਜਗਤਾਰ ਸਿੰਘ ਭਾਣਾ, ਵੀਰ ਸਿੰਘ ਕੰਮੇਆਣਾ, ਸੁਖਦਰਸ਼ਨ ਰਾਮ ਅਤੇ ਭਲਵਿੰਦਰ ਸਿੰਘ ਔਲਖ ਪਪੀ ਢਿੱਲਵਾਂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here