ਪਹਿਲਾਂ ਤੋਂ ਹੀ ਧਰੁਵੀਕਰਨ ਦੀ ਮਾਰ ਸਹਿ ਰਹੇ ਦੇਸ਼ ਵਿੱਚ ਹੁਣ ਇੱਕ ਜਨਸੰਖਿਆ ਅੰਕੜਿਆਂ ਰਾਹੀਂ ਘੱਟਗਿਣਤੀਆਂ ਵਿਰੁੱਧ ਭਰਮ ਫੈਲਾਇਆ ਗਿਆ ਹੈ | ਜਨਸੰਖਿਆ ਬਾਰੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 1950 ਤੋਂ 2015 ਤੱਕ ਭਾਰਤ ਵਿੱਚ ਅਬਾਦੀ ਦੀ ਹਿੱਸੇਦਾਰੀ ਵਿੱਚ ਹਿੰਦੂ ਅਬਾਦੀ ਘਟੀ ਹੈ ਜਦੋਂ ਕਿ ਮੁਸਲਮਾਨਾਂ, ਇਸਾਈਆਂ ਤੇ ਸਿੱਖਾਂ ਦੀ ਅਬਾਦੀ ਵਧੀ ਹੈ |
ਇਸ ਰਿਪੋਰਟ ਅਨੁਸਾਰ ਹਿੰਦੂਆਂ ਦੀ ਅਬਾਦੀ ਵਿੱਚ 7.82 ਫ਼ੀਸਦੀ ਗਿਰਾਵਟ ਹੋਈ, ਜਦੋਂ ਕਿ ਮੁਸਲਮਾਨਾਂ ਦੀ ਅਬਾਦੀ ਵਿੱਚ 9.84 ਫ਼ੀਸਦੀ ਦਾ ਵਾਧਾ ਹੋ ਕੇ ਉਹ 14.09 ਫ਼ੀਸਦੀ ਹੋ ਗਈ ਹੈ | ਇਸੇ ਤਰ੍ਹਾਂ ਇਸਾਈਆਂ ਦੀ ਅਬਾਦੀ 2.24 ਫ਼ੀਸਦੀ ਤੋਂ ਵਧ ਕੇ 2.36 ਫ਼ੀਸਦੀ, ਸਿੱਖਾਂ ਦੀ 1.24 ਫ਼ੀਸਦੀ ਤੋਂ ਵਧ ਕੇ 1.85 ਫੀਸਦੀ ਤੇ ਬੋਧੀਆਂ ਦੀ 0.05 ਫ਼ੀਸਦੀ ਤੋਂ ਵਧ ਕੇ 0.81 ਫ਼ੀਸਦੀ ਹੋ ਗਈ ਹੈ |
ਇਸੇ ਦੌਰਾਨ ਪਾਪੂਲੇਸ਼ਨ ਫਾਊਾਡੇਸ਼ਨ ਆਫ਼ ਇੰਡੀਆ ਨੇ ਕਿਹਾ ਹੈ ਕਿ ਇਸ ਅਧੂਰੀ ਰਿਪੋਰਟ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ | ਉਸ ਨੇ ਕਿਹਾ ਹੈ ਕਿ ਅਸਲੀਅਤ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਸਭ ਧਾਰਮਿਕ ਸਮੂਹਾਂ ਵਿੱਚ ਜਣੇਪਾ ਦਰ ਘਟ ਰਹੀ ਹੈ | ਉਸ ਨੇ ਕਿਹਾ ਹੈ ਕਿ ਜਣੇਪਾ ਦਰ ਵਿੱਚ ਸਭ ਤੋਂ ਵੱਧ ਗਿਰਾਵਟ ਮੁਸਲਮਾਨਾਂ ਵਿੱਚ ਆਈ ਹੈ |
ਪਾਪੂਲੇਸ਼ਨ ਫਾਊਾਡੇਸ਼ਨ ਮੁਤਾਬਕ 2005-06 ਤੋਂ 2019-21 ਤੱਕ ਮੁਸਲਮਾਨਾਂ ਅੰਦਰ ਜਣੇਪਾ ਦਰ 1 ਫ਼ੀਸਦੀ ਘਟੀ, ਜਦੋਂ ਕਿ ਹਿੰਦੂਆਂ ਵਿੱਚ ਇਹ 0.7 ਫ਼ੀਸਦੀ ਘਟੀ ਹੈ |
ਮੁਸਲਮਾਨਾਂ ਵੱਲੋਂ ਅਬਾਦੀ ਵਧਾਉਣ ਦੇ ਉਠ ਰਹੇ ਸਵਾਲਾਂ ਬਾਰੇ ਦੁਨੀਆ ਦੀ ਮੰਨੀ-ਪ੍ਰਮੰਨੀ ਸੰਸਥਾ ਨਿਊ ਰਿਸਰਚ ਸੈਂਟਰ ਨੇ ਇਕ ਵਿਸ਼ਲੇਸ਼ਣ ਰਾਹੀਂ ਦੱਸਿਆ ਹੈ ਕਿ ਜਨਸੰਖਿਆ ਦੇ ਵਾਧੇ ਦਾ ਸੰਬੰਧ ਧਰਮ ਜਾਂ ਜਾਤੀ ਨਾਲ ਨਾ ਹੋ ਕੇ ਗਰੀਬੀ ਤੇ ਅਨਪੜ੍ਹਤਾ ਨਾਲ ਹੈ |
ਨਿਊ ਰਿਸਰਚ ਸੈਂਟਰ ਨੇ ਭਾਰਤ ਦੀ ਮਰਦਮ-ਸ਼ੁਮਾਰੀ ਤੇ ਕੌਮੀ ਪਰਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਰਾਹੀਂ ਜਣੇਪਾ ਦਰ ਬਾਰੇ ਇੱਕ ਖੋਜ ਰਿਪੋਰਟ ਤਿਆਰ ਕੀਤੀ ਸੀ | ਜਣੇਪਾ ਦਰ ਦਾ ਮਤਲਬ ਇਹ ਹੁੰਦਾ ਹੈ ਕਿ ਹਰ ਜੋੜਾ ਆਪਣੀ ਜ਼ਿੰਦਗੀ ਦੌਰਾਨ ਔਸਤਨ ਕਿੰਨੇ ਬੱਚੇ ਪੈਦਾ ਕਰਦਾ ਹੈ | ਜਣੇਪਾ ਦਰ ਜੇਕਰ 2.1 ਰਹੇ ਤਾਂ ਉਸ ਦੇਸ਼ ਦੀ ਅਬਾਦੀ ਸਥਿਰ ਰਹਿੰਦੀ ਹੈ, ਯਾਨੀ ਨਾ ਘਟਦੀ, ਨਾ ਵਧਦੀ ਹੈ | ਇਸ ਸਮੇਂ ਭਾਰਤ ਵਿੱਚ ਜਣੇਪਾ ਦਰ 2.2 ਹੈ | ਇਸ ਵਿੱਚ ਮੁਸਲਮਾਨਾਂ ਅੰਦਰ ਜਣੇਪਾ ਦਰ 2.6 ਤੇ ਹਿੰਦੂਆਂ ਵਿੱਚ 2.1 ਹੈ | ਇਸ ਮੁਤਾਬਕ ਸਿਰਫ਼ ਥੋੜ੍ਹਾ ਫ਼ਰਕ ਹੀ ਹੈ | ਖਾਸ ਗੱਲ ਇਹ ਹੈ ਕਿ ਬੀਤੇ ਦਹਾਕੇ ਦੌਰਾਨ ਮੁਸਲਮਾਨਾਂ ਵਿੱਚ ਜਣੇਪਾ ਦਰ ਤੇਜ਼ੀ ਨਾਲ ਘਟੀ ਹੈ |
ਨਿਊ ਰਿਸਰਚ ਦੇ ਅੰਕੜਿਆਂ ਮੁਤਾਬਕ 1992 ਵਿੱਚ ਮੁਸਲਮਾਨਾਂ ਵਿੱਚ ਜਣੇਪਾ ਦਰ 4.4 ਸੀ, ਜੋ 2015 ਦੀ ਮਰਦਮ-ਸ਼ੁਮਾਰੀ ਸਮੇਂ 2.6 ਰਹਿ ਗਈ ਸੀ | ਜਦੋਂ ਕਿ ਹਿੰਦੂਆਂ ਵਿੱਚ ਇਸ ਦੌਰਾਨ 3.3 ਤੋਂ ਘਟ ਕੇ 2.1 ਰਹਿ ਗਈ ਸੀ | ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੱਧ ਭਾਰਤ ਵਿੱਚ ਵੱਧ ਬੱਚੇ ਪੈਦਾ ਹੁੰਦੇ ਹਨ | ਇਸ ਮੁਤਾਬਕ ਬਿਹਾਰ ਵਿੱਚ ਜਣੇਪਾ ਦਰ 3.4 ਤੇ ਯੂ ਪੀ ਵਿੱਚ 2.7 ਹੈ, ਜਦੋਂ ਕਿ ਤਾਮਿਲਨਾਡੂ ਵਿੱਚ 1.7 ਤੇ ਕੇਰਲਾ ਵਿੱਚ 1.6 ਹੈ | ਇਸ ਦਾ ਕਾਰਨ ਬਿਹਾਰ ਤੇ ਯੂ ਪੀ ਵਿੱਚ ਗਰੀਬੀ ਤੇ ਅਨਪੜ੍ਹਤਾ ਦਾ ਹੋਣਾ ਹੈ |
ਹਿਮਾਚਲ ਵਿੱਚ 2019-20 ਵਿੱਚ ਮੁਸਲਮਾਨਾਂ ਤੇ ਹਿੰਦੂਆਂ ਅੰਦਰ ਜਣੇਪਾ ਦਰ ਬਰਾਬਰ 1.7 ਸੀ, ਜਦੋਂ ਕਿ 2015-16 ਵਿੱਚ ਹਿੰਦੂਆਂ ਅੰਦਰ ਇਹ 2 ਤੇ ਮੁਸਲਮਾਨਾਂ ਵਿੱਚ 2.5 ਸੀ | ਇਸ ਤੋਂ ਸਾਫ਼ ਹੈ ਕਿ ਮੁਸਲਮਾਨਾਂ ਅੰਦਰ ਅਬਾਦੀ ਦੇ ਵਾਧੇ ਸੰਬੰਧੀ ਜਾਗਰੂਕਤਾ ਵਧੀ ਹੈ |
ਚੋਣਾਂ ਦੇ ਮੌਕੇ ਸਰਕਾਰ ਵੱਲੋਂ ਅਜਿਹੀਆਂ ਰਿਪੋਰਟਾਂ ਜਾਰੀ ਕਰਨਾ ਉਸ ਦੀ ਹਾਰਨ ਦੇ ਡਰ ਤੋਂ ਪੈਦਾ ਹੋ ਰਹੀ ਬੁਖਾਲਾਹਟ ਹੈ |



