ਸੂਰਜੀ ਤੂਫਾਨ ਦੇ ਧਰਤੀ ਨਾਲ ਟਕਰਾਉਣ ਦਾ ਖਤਰਾ

0
158

ਬੋਲਡਰ : ਸ਼ਕਤੀਸਾਲੀ ਸੂਰਜੀ ਤੂਫਾਨ ਐਤਵਾਰ ਧਰਤੀ ਨਾਲ ਟਕਰਾਅ ਸਕਦਾ ਹੈ। ਅਮਰੀਕਾ ਦੀ ਵਿਗਿਆਨਕ ਏਜੰਸੀ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਨਾਲ ਸੈਟੇਲਾਈਟਾਂ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਇਹ ਪਾਵਰ ਗਰਿੱਡ, ਸੰਚਾਰ ਨੈੱਟਵਰਕ ਅਤੇ ਇਲੈਕਟ੍ਰਾਨਿਕ ਉਪਕਰਨਾਂ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ।
ਅਕਤੂਬਰ 2003 ’ਚ ਅਜਿਹਾ ਸੂਰਜੀ ਤੂਫਾਨ ਦੇਖਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਜਿਹੀ ਖਗੋਲੀ ਘਟਨਾ ਦੇਖਣ ਨੂੰ ਨਹੀਂ ਮਿਲੀ। ਪੁਲਾੜ ਵਿਚ ਜੇ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਕਈ ਦੇਸ਼ ਹਨੇਰੇ ’ਚ ਡੁੱਬ ਸਕਦੇ ਹਨ। ਸੂਰਜ ਤੋਂ ਆਉਣ ਵਾਲੀ ਇੱਕ ਲਹਿਰ ਤੇਜ਼ੀ ਨਾਲ ਧਰਤੀ ਵੱਲ ਵਧ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਸੂਰਜ ਨਾਲ ਚੱਲਣ ਵਾਲਾ ਭੂ-ਚੁੰਬਕੀ ਤੂਫਾਨ (ਸੂਰਜੀ ਤੂਫਾਨ) ਧਰਤੀ ਨਾਲ ਟਕਰਾਉਣ ਵਾਲਾ ਹੈ।
ਟਰਾਂਸ ਪੋਲਰ ਖੇਤਰਾਂ ’ਚ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਤਸਮਾਨੀਆ ਤੋਂ ਲੈ ਕੇ ਬਿ੍ਰਟੇਨ ਤੱਕ ਅਸਮਾਨ ’ਚ ਚਮਕ ਦਿਖਾਈ ਦੇਵੇਗੀ।
ਵਿਗਿਆਨੀਆਂ ਨੇ ਕਿਹਾ ਕਿ ਇਹ ਗੰਭੀਰ ਸ਼੍ਰੇਣੀ (ਜੀ-4) ਭੂ-ਚੁੰਬਕੀ ਤੂਫਾਨ ਹੈ। ਇਸ ਤੋਂ ਪਹਿਲਾਂ 2005 ’ਚ ਜਦੋਂ ਹੈਲੋਵੀਨ ਸੂਰਜੀ ਤੂਫਾਨ ਆਇਆ ਸੀ ਤਾਂ ਸਵੀਡਨ ’ਚ ਬਲੈਕਆਊਟ ਹੋ ਗਿਆ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ’ਚ ਬਿਜਲੀ ਦਾ ਬੁਨਿਆਦੀ ਢਾਂਚਾ ਵੀ ਪ੍ਰਭਾਵਤ ਹੋਇਆ। ਦਰਅਸਲ, ਸੂਰਜੀ ਤੂਫਾਨ ਦੇ ਟਕਰਾਉਣ ਕਾਰਨ ਧਰਤੀ ਦੇ ਚੁੰਬਕੀ ਖੇਤਰ ’ਚ ਇੱਕ ਤਬਦੀਲੀ ਦੇਖਣ ਨੂੰ ਮਿਲਦੀ ਹੈ, ਜੋ ਪਾਵਰ ਪਲਾਂਟਾਂ ਅਤੇ ਨੇਵੀਗੇਸ਼ਨ ਪ੍ਰਣਾਲੀਆਂ ਨੂੰ ਪ੍ਰਭਾਵਤ ਕਰਦੀ ਹੈ। ਰਿਪੋਰਟਾਂ ਮੁਤਾਬਕ ਤਸਮਾਨੀਆ ਅਤੇ ਯੂਰਪ ਦੇ ਕਈ ਇਲਾਕਿਆਂ ’ਚ ਲੋਕਾਂ ਨੇ ਨੰਗੀਆਂ ਅੱਖਾਂ ਨਾਲ ਵੀ ਇਸ ਸੂਰਜੀ ਤੂਫਾਨ ਦੀ ਝਲਕ ਦੇਖੀ ਹੈ। ਸੂਰਜੀ ਤੂਫਾਨ ਕੋਰੋਨਲ ਮਾਸ ਇੰਜੈਕਸ਼ਨ ਦੇ ਕਾਰਨ ਬਣਦੇ ਹਨ, ਜੋ ਸੂਰਜ ’ਤੇ ਹੋਣ ਵਾਲੀਆਂ ਵਿਸਫੋਟਕ ਘਟਨਾਵਾਂ ਹਨ। ਸੂਰਜ ਤੋਂ ਆਉਣ ਵਾਲੀ ਰੌਸ਼ਨੀ ਸਿਰਫ 8 ਮਿੰਟ ’ਚ ਧਰਤੀ ਤੱਕ ਪਹੁੰਚ ਜਾਂਦੀ ਹੈ, ਜਦੋਂ ਕਿ ਤਰੰਗਾਂ 800 ਕਿਲੋਮੀਟਰ ਪ੍ਰਤੀ ਸਕਿੰਟ ਤੱਕ ਦੀ ਰਫਤਾਰ ਨਾਲ ਚਲਦੀਆਂ ਹਨ। ਵਿਗਿਆਨੀਆਂ ਮੁਤਾਬਕ ਸੂਰਜੀ ਤੂਫਾਨ ਕਾਰਨ ਚੁੰਬਕੀ ਖੇਤਰ ’ਚ ਬਦਲਾਅ ਹੁੰਦਾ ਹੈ, ਜਿਸ ਕਾਰਨ ਬਿਜਲੀ ਲਾਈਨ ’ਚ ਵਾਧੂ ਕਰੰਟ ਆ ਸਕਦਾ ਹੈ ਅਤੇ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਲੰਮੀਆਂ ਪਾਈਪ ਲਾਈਨਾਂ ਵਿਚ ਵੀ ਬਿਜਲੀ ਵਹਿ ਸਕਦੀ ਹੈ, ਜਿਸ ਕਾਰਨ ਮਸ਼ੀਨਾਂ ਦੇ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਪੁਲਾੜ ਯਾਨ ਆਪਣਾ ਰਸਤਾ ਗੁਆ ਸਕਦਾ ਹੈ। ਨਾਸਾ ਨੇ ਆਪਣੇ ਪੁਲਾੜ ਯਾਤਰੀਆਂ ਦੀ ਸੁਰੱਖਿਆ ਲਈ ਇੱਕ ਟੀਮ ਬਣਾਈ ਹੈ। ਇੱਥੋਂ ਤੱਕ ਕਿ ਕਬੂਤਰਾਂ ਦੇ ਜੈਵਿਕ ਕੰਪਾਸ ਨੂੰ ਵੀ ਇਸ ਸੂਰਜੀ ਤੂਫਾਨ ਦੁਆਰਾ ਧੋਖਾ ਮਿਲ ਸਕਦਾ ਹੈ। ਵਰਨਣਯੋਗ ਹੈ ਕਿ ਕਬੂਤਰ ਅਜਿਹੇ ਪੰਛੀ ਹਨ, ਜਿਨ੍ਹਾਂ ਦੀ ਦਿਸ਼ਾ ਦੀ ਸੂਝ ਬਹੁਤ ਤੇਜ਼ ਹੁੰਦੀ ਹੈ। ਨਾਸਾ ਦੇ ਅਧਿਐਨ ਮੁਤਾਬਕ ਸੂਰਜੀ ਤੂਫਾਨਾਂ ਦੌਰਾਨ ਕਬੂਤਰਾਂ ਦੀ ਗਿਣਤੀ ਘੱਟ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਹਿਲਾਂ ਤੋਂ ਹੀ ਰੌਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here