ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਜਿੱਥੇ ‘ਟੈਂਪੋ ਵਾਲੇ ਅਰਬਪਤੀਆਂ’ ਕੋੋਲੋਂ ਮਿਲੇ ‘ਨੋਟਾਂ ਦੀ ਗਿਣਤੀ’ ਕਰ ਰਹੀ ਹੈ, ਉਥੇ ਉਨ੍ਹਾਂ ਦੀ ਪਾਰਟੀ ਬਰਾਬਰੀ ਯਕੀਨੀ ਬਣਾਉਣ ਲਈ ਜਾਤੀ ਜਨਗਣਨਾ ਜ਼ਰੀਏ ਦੇਸ਼ ਦਾ ‘ਐਕਸਰੇ’ ਕਰਵਾਏਗੀ। ਉਨ੍ਹਾ ਐਕਸ ’ਤੇ ਇਕ ਪੋਸਟ ਵਿਚ ਕਿਹਾ-ਉਹ (ਭਾਜਪਾ) ਪਿਛਲੇ ਦਸ ਸਾਲਾਂ ਤੋਂ ਟੈਂਪੋ ਵਾਲੇ ਅਰਬਪਤੀਆਂ ਕੋਲੋਂ ਮਿਲੇ ਨੋਟ ਗਿਣ ਰਹੇ ਹ। ਅਸੀਂ ‘ਜਾਤੀ ਜਨਗਣਨਾ’ ਜ਼ਰੀਏ ਦੇਸ਼ ਦਾ ਐਕਸਰੇ ਕਰਾਵਾਂਗੇ ਤੇ ਹਰ ਵਰਗ ਲਈ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਵਾਂਗੇ। ਉਨ੍ਹਾ ਜਾਤੀ ਜਨਗਣਨਾ ਨੂੰ ਲੈ ਕੇ ਪਾਰਟੀ ਦਾ ਇਕ ਇਸ਼ਤਿਹਾਰ ਵੀ ਜਾਰੀ ਕੀਤਾ।
ਬਦਰੀਨਾਥ ਦੇ ਕਿਵਾੜ ਵੀ ਖੁੱਲ੍ਹੇ
ਦੇਹਰਾਦੂਨ : ਉੱਤਰਾਖੰਡ ਵਿਚ ਐਤਵਾਰ ਤੋਂ ਸ਼ਰਧਾਲੂਆਂ ਲਈ ਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹਣ ਨਾਲ ਚਾਰ ਧਾਮ-ਬਦਰੀਨਾਥ, ਕੇਦਾਰਨਾਥ, ਯਮਨੋਤਰੀ ਤੇ ਗੰਗੋਤਰੀ ਦੀ ਯਾਤਰਾ ਸ਼ੁਰੂ ਹੋ ਗਈ। ਬਦਰੀਨਾਥ ’ਚ ਮੀਂਹ ਦੇ ਬਾਵਜੂਦ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਕੇਦਾਰਨਾਥ, ਯਮਨੋਤਰੀ ਤੇ ਗੰਗੋਤਰੀ ਮੰਦਰਾਂ ਦੇ ਕਿਵਾੜ ਅਕਸ਼ੈ ਤਿ੍ਰਤੀਆ ਮੌਕੇ ਸ਼ੁੱਕਰਵਾਰ ਨੂੰ ਹੀ ਖੁੱਲ੍ਹ ਗਏ ਸਨ।
ਮੇਰੇ ਹੁੰਦਿਆਂ ਸੀ ਏ ਏ ਖਤਮ ਨਹੀਂ ਹੋ ਸਕਦਾ : ਮੋਦੀ
ਬੈਰਕਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾ ਚਿਰ ਮੋਦੀ ਹੈ, ਕੋਈ ਵੀ ਸੀ ਏ ਏ (ਨਾਗਰਿਕਤਾ ਸੋਧ ਕਾਨੂੰਨ) ਨੂੰ ਖਤਮ ਨਹੀਂ ਕਰ ਸਕਦਾ। ਉਨ੍ਹਾਂ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੀ ‘ਵੋਟ ਬੈਂਕ’ ਸਿਆਸਤ ਨੂੰ ਭੰਡਿਆ। ਉਨ੍ਹਾ ਦਾਅਵਾ ਕੀਤਾ ਕਿ ਸੰਦੇਸ਼ਖਲੀ ਜਿਨਸੀ ਦੁੁਰਾਚਾਰ ਮਾਮਲੇ ਦੇ ਦੋਸ਼ੀਆਂ ਨੂੰ ਬਚਾਉਣ ਲਈ ਟੀ ਐੱਮ ਸੀ ਦੇ ਗੁੰਡਿਆਂ ਵੱਲੋਂ ਪੀੜਤ ਮਹਿਲਾਵਾਂ ਨੂੰ ਧਮਕਾਇਆ ਜਾ ਰਿਹਾ ਹੈ। ਟੀ ਐੱਮ ਸੀ ਦੇ ਰਾਜ ਵਿਚ ਹਿੰਦੂਆਂ ਨੂੰ ਸੂਬੇ ਵਿਚ ਦੂਜੇ ਦਰਜੇ ਦੇ ਨਾਗਰਿਕਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।


