ਬਠਿੰਡਾ (ਬਖਤੌਰ ਢਿੱਲੋਂ)
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚੋਣ ਪ੍ਰਚਾਰ ਕਰਦਿਆਂ ਐਤਵਾਰ ਆਪਣੀਆਂ ਤਕਰੀਰਾਂ ਦੌਰਾਨ ਵਰਤਮਾਨ ਭਾਜਪਾ ਹਕੂਮਤ ਦੇ ਬਖ਼ੀਏ ਉਧੇੜੇ। ਉਨ੍ਹਾ ਕਿਹਾ ਕਿ ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਲਈ ਗੈਸ ਦੇ ਚੈਂਬਰਾਂ ’ਚ ਪਾਇਆ ਸੀ, ਪਰ ਇਤਿਹਾਸ ਗਵਾਹ ਹੈ ਕਿ ਆਖ਼ਰ ਹਿਟਲਰ ਨੂੰ ਆਤਮ-ਹੱਤਿਆ ਕਰਨੀ ਪਈ ਸੀ। ਉਨ੍ਹਾ ਕਿਹਾ ਕਿ ਭਾਜਪਾ ਹਕੂਮਤ ਦੀ ਤਾਨਾਸ਼ਾਹੀ ਦੀ ਇਹ ਇੰਤਹਾ ਹੈ ਕਿ ਵਿਰੋਧੀਆਂ ਨੂੰ ਜੇਲ੍ਹੀਂ ਬੰਦ ਕਰਕੇ ਜਮਹੂਰੀਅਤ ਦੀ ਰੂਹ ਦਾ ਕਤਲ ਕੀਤਾ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਇਹ ਵੀ ਇਤਿਹਾਸ ’ਚ ਦਰਜ ਹੈ ਕਿ ਹਕੂਮਤ ਦੀ ਨਾਬਰੀ ਨੂੰ ਨੱਥ ਪਾਉਣ ਲਈ ਪੰਜਾਬ ਹਮੇਸ਼ਾ ਅੱਗੇ ਹੋ ਡਟਿਆ ਹੈ ਅਤੇ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਪੰਜਾਬ ’ਚੋਂ ਮੂੰਹ ਦੀ ਖਾਣੀ ਪਵੇਗੀ। ਹੋਰ ਵੀ ਸ਼ਰਮਨਾਕ ਵਰਤਾਰਾ ਇਹ ਹੈ ਕਿ ਭਾਜਪਾ ਨਾਲ ਤੋੜ-ਵਿਛੋੜੇ ਦਾ ਰੌਲਾ ਪਾਉਣ ਵਾਲਾ ਅਕਾਲੀ ਦਲ ਅਜੇ ਵੀ ਭਾਜਪਾ ਦੀ ‘ਪੂਛ’ ਬਣਿਆ ਹੋਇਆ ਹੈ। ਉਨ੍ਹਾ ਪੰਜਾਬ ਦੇ ਵੋਟਰਾਂ ਨੂੰ ਸੰਬੋਧਿਤ ਹੁੰਦਿਆਂ ਸੁਚੇਤ ਕੀਤਾ ਕਿ ਅਕਾਲੀ ਦਲ ਨੂੰ ਵੋਟ ਪਾਉਣ ਦਾ ਸਾਫ਼ ਮਤਲਬ ਭਾਜਪਾ ਨੂੰ ਵੋਟ ਪਾਉਣਾ ਹੈ, ਕਿਉਂਕਿ ਚੋਣਾਂ ਤੋਂ ਮਗਰੋਂ ਨੰਗੇ-ਚਿੱਟੇ ਰੂਪ ’ਚ ਦੋਵੇਂ ਬਗਲਬੀਰ ਹੋਏ ਦਿਖਾਈ ਦੇਣਗੇ। ਖੁੱਡੀਆਂ ਨੇ ਕਿਹਾ ਕਿ ਉਹ ਕਾਂਗਰਸ ਦਾ ਜ਼ਿਕਰ ਇਸ ਲਈ ਕਰਨਾ ਮੁਨਾਸਿਬ ਨਹੀਂ ਸਮਝਦੇ, ਕਿਉਂਕਿ ‘ਖੱਖੜੀਆਂ-ਕਰੇਲੇ’ ਹੋਈ ਕਾਂਗਰਸ ’ਤੇ ਸਿਰਫ ਤਰਸ ਹੀ ਕੀਤਾ ਜਾ ਸਕਦਾ ਹੈ, ਉਂਜ ਵੀ 70 ਸਾਲਾਂ ਤੋਂ ਅਜ਼ਮਾਈ ਇਸ ਪਾਰਟੀ ਦੀ ਖ਼ਸਲਤ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਸਧਾਰਨ ਅਵਾਮ ’ਚੋਂ ਉੱਠੀ ਉਹ ਲਹਿਰ ਹੈ, ਜਿਸ ਦੇ ਪੋਟੇ-ਪੋਟੇ ਵਿੱਚ ਮਿਹਨਤਕਸ਼ ਤੇ ਕਿਰਤੀ ਲੋਕਾਂ ਦਾ ਦਰਦ ਸਮੋਇਆ ਹੋਇਆ ਹੈ। ਆਓ! ਪੰਜਾਬ ਦੀ ਪੀੜਾ ਨੂੰ ਹਰਨ ਦੇ ਲਈ ‘ਆਪ’ ਦਾ ਸਾਥ ਦੇ ਨਵੀਂ ਇਬਾਰਤ ਲਿਖ਼ੀਏ।’ ਆਪਣੇ ਸੰਬੋਧਨ ਦੀ ਸਿਖ਼ਰ ’ਤੇ ਖੁੱਡੀਆਂ ਮਸ਼ਹੂਰ ਸ਼ਾਇਰ ਦੁਸ਼ਯੰਤ ਦਾ ਇਹ ਸ਼ਿਅਰ ਕਹਿੰਦੇ ਨਜ਼ਰ ਆਏ, ‘ਹੋ ਗਈ ਹੈ ਪੀੜ ਪਰਬਤ ਸੀ ਪਿਘਲਨੀ ਚਾਹੀਏ, ਇਸ ਹਿਮਾਲੀਆ ਸੇ ਕੋਈ ਗੰਗਾ ਨਿਕਲਨੀ ਚਾਹੀਏ। ਆਜ ਯੇ ਦੀਵਾਰ ਪਰਦੋਂ ਕੀ ਤਰਾ ਹਿਲਨੇ ਲਗੀ, ਸ਼ਰਤ ਲੇਕਿਨ ਥੀ ਕਿ ਯੇ ਦੀਵਾਰ ਹਿਲਨੀ ਚਾਹੀਏ।’ ਖੁੱਡੀਆਂ ਨੇ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਡੂੰਮਵਾਲੀ, ਪਥਰਾਲਾ, ਚੱਕ ਰੁਲਦੂ ਸਿੰਘ ਵਾਲਾ, ਜੱਸੀ ਬਾਗ ਵਾਲੀ, ਗਹਿਰੀ ਬੁੱਟਰ, ਗੁਰੂਸਰ ਸੈਣੇਵਾਲਾ, ਜੋਧਪੁਰ ਰੋਮਾਣਾ, ਜੱਸੀ ਪੌ ਵਾਲੀ, ਭਾਗੂ, ਕਟਾਰ ਸਿੰਘ ਵਾਲਾ, ਕੋਟ ਸ਼ਮੀਰ, ਕੋਟ ਫੱਤਾ, ਧੰਨ ਸਿੰਘ ਵਾਲਾ ਆਦਿ ਪਿੰਡਾਂ ’ਚ ਲੋਕ ਮਿਲਣੀਆਂ ਕੀਤੀਆਂ, ਜਿਨ੍ਹਾਂ ’ਚ ਨਗਰ ਨਿਵਾਸੀਆਂ ਦੇ ਉਤਸ਼ਾਹੀ ਇਕੱਠ ਹੋਏ। ਵਿਸ਼ੇਸ਼ ਗੱਲ ਇਹ ਰਹੀ ਕਿ ਕਰੀਬ ਅੱਧੀ ਦਰਜਨ ਜਗ੍ਹਾ ’ਤੇ ਉਨ੍ਹਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਜੱਸੀ ਬਾਗ ਵਾਲੀ ਵਿੱਚ ਲੱਡੂਆਂ ਨਾਲ ਤੋਲਣ ਸਮੇਂ ਇਲਾਕੇ ਦੀ ਉੱਘੀ ਸ਼ਖ਼ਸੀਅਤ ਜੈਦੀਪ ਸਿੰਘ ਜੱਸੀ ਉਚੇਚੇ ਤੌਰ ’ਤੇ ਹਾਜ਼ਰ ਸਨ।