ਫ਼ਾਜ਼ਿਲਕਾ, (�ਿਸ਼ਨ ਸਿੰਘ)-ਫਾਜ਼ਿਲਕਾ ਦੇ ਪਿੰਡ ਬਨਵਾਲਾ ਹਨਵੰਤਾ ਨੇੜੇ ਕਿਸਾਨਾਂ ਨੇ ਫਾਜ਼ਿਲਕਾ ਆ ਰਹੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਕੀਤਾ। ਇਸ ਦੌਰਾਨ ਪੁਲਸ ਨੇ ਕਿਸਾਨਾਂ ਨੂੰ ਉਥੇ ਹੀ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ, ਜਿਸ ’ਤੇ ਕਿਸਾਨਾਂ ਨੇ ਉਥੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਭਾਰੀ ਪੁਲਸ ਫੋਰਸ ਨੇ ਸਾਰੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਕਿਸਾਨਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੁਝ ਸਵਾਲ ਪੁੱਛਣ ਲਈ ਫਾਜ਼ਿਲਕਾ ਆਏ ਹਨ। ਇਸ ਦੌਰਾਨ ਪੁਲਸ ਨੇ ਉਹਨਾਂ ਨੂੰ ਇੱਥੇ ਹੀ ਰੋਕ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤੋਂ ਬਾਅਦ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਰਾਣਾ ਸੋਢੀ ਤੋਂ ਪੁੱਛਣਾ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ 430 ਜਵਾਨ ਸ਼ਹੀਦ ਹੋਏ, ਇੱਕ ਫ਼ੌਜੀ ਗੋਲੀਆਂ ਦਾ ਸ਼ਿਕਾਰ ਹੋਇਆ ਅਤੇ ਇੱਕ ਫ਼ੌਜੀ ਨੂੰ ਬੋਰੀਆਂ ਵਿੱਚ ਪਾ ਕੇ ਕੁੱਟਿਆ ਗਿਆ।
ਉਨ੍ਹਾਂ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕਰਨਾ, ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨਾ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਅਤੇ ਕੁਝ ਹੋਰ ਮੰਗਾਂ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਹੀ ਭਾਜਪਾ ਉਮੀਦਵਾਰ ਨੂੰ ਮਿਲਣਾ ਚਾਹੁੰਦੇ ਹਨ। ਇਸ ਲਈ ਜੇਕਰ ਉਹ ਕਿਸਾਨਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੇ ਹਨ ਤਾਂ ਉਹ ਇਕੱਲੇ ਹੀ ਉਨ੍ਹਾ ਕੋਲ ਜਾਣਗੇ ਅਤੇ ਜਵਾਬ ਜਾਨਣਗੇ, ਪਰ ਲੱਗਦਾ ਹੈ ਕਿ ਅਜਿਹਾ ਕੁਝ ਵੀ ਹੋਣ ਵਾਲਾ ਨਹੀਂ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਰਾਣਾ ਸੋਢੀ ਵੱਲੋਂ ਬੀਤੇ ਦਿਨੀਂ ਕੀਤੀ ਗਈ ਚੋਣ ਮੁਹਿੰਮ ਦੌਰਾਨ ਢੋਲ ਵਜਾਏ ਗਏ ਸਨ ਤਾਂ ਜੋ ਕਿਸਾਨਾਂ ਦੇ ਨਾਅਰਿਆਂ ਦੀ ਗੂੰਜ ਉਸ ਦੇ ਕੰਨਾਂ ਤੱਕ ਨਾ ਪਹੁੰਚ ਸਕੇ। ਇਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਣਗੇ, ਜਿਸ ਕਾਰਨ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹ ਕਿਸੇ ਵੀ ਕੀਮਤ ’ਤੇ ਭਾਜਪਾ ਉਮੀਦਵਾਰ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕਰਨਗੇ।





