ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਖਿਲਾਫ ਜਿਨਸੀ ਸ਼ੋਸ਼ਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਓਡੀਸੀ ਕਲਾਸੀਕਲ ਡਾਂਸਰ ਨੇ ਦਿੱਲੀ ਦੇ ਫਾਈਵ ਸਟਾਰ ਹੋਟਲ ਵਿਚ ਰਾਜਪਾਲ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਇਸ ਬਾਰੇ ਅਕਤੂਬਰ 2023 ਵਿਚ ਸ਼ਿਕਾਇਤ ਵੀ ਦਰਜ ਕਰਾਈ ਸੀ। ਬੰਗਾਲ ਪੁਲਸ ਨੇ ਇਸ ਬਾਰੇ ਪਿਛਲੇ ਹਫਤੇ ਸੂਬਾ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਹੈ। ਡਾਂਸਰ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਵਿਦੇਸ਼ ਯਾਤਰਾ ਵਿਚ ਦਿੱਕਤਾਂ ਨੂੰ ਲੈ ਕੇ ਉਹ ਰਾਜਪਾਲ ਤੋਂ ਮਦਦ ਮੰਗਣ ਗਈ ਸੀ। ਬੰਗਾਲ ਪੁਲਸ ਮੁਤਾਬਕ ਰਾਜਪਾਲ ਨੇ ਮਹਿਲਾ ਨੂੰ ਮਦਦ ਦਾ ਭਰੋਸਾ ਦਿੱਤਾ ਤੇ ਵਿਦੇਸ਼ ਮੰਤਰਾਲੇ ਨਾਲ ਵੀ ਸੰਪਰਕ ਕਰਨ ਨੂੰ ਕਿਹਾ। ਜਨਵਰੀ 2023 ਵਿਚ ਰਾਜਪਾਲ ਨੇ ਡਾਂਸਰ ਨੂੰ ਦਿੱਲੀ ਆਉਣ-ਜਾਣ ਲਈ ਜਹਾਜ਼ ਦੀਆਂ ਟਿਕਟਾਂ ਦਿੱਤੀਆਂ। ਰਾਜਪਾਲ ਦੇ ਇਕ ਰਿਸ਼ਤੇਦਾਰ ਨੇ 5 ਤੇ 6 ਜਨਵਰੀ ਲਈ ਫਾਈਵ ਸਟਾਰ ਹੋਟਲ ਵਿਚ ਕਮਰਾ ਬੁੱਕ ਕਰਵਾਇਆ। ਬੋਸ ਉਦੋਂ ਦਿੱਲੀ ਦੇ ਬੰਗ ਭਵਨ ਵਿਚ ਰਹਿ ਰਹੇ ਸਨ। ਦੋਸ਼ ਹੈ ਕਿ ਰਾਜਪਾਲ ਨੇ ਹੋਟਲ ਜਾ ਕੇ ਮਹਿਲਾ ਨਾਲ ਬਦਸਲੂਕੀ ਕੀਤੀ। ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੀ ਸੀ ਟੀ ਵੀ ਫੁਟੇਜ ਵਿਚ ਰਾਜਪਾਲ ਦੀ ਹੋਟਲ ਵਿਚ ਆਉਣ ਤੇ ਵਾਪਸ ਜਾਣ ਦਾ ਸਮਾਂ ਉਹੀ ਨਿਕਲਿਆ, ਜਿਸ ਦਾ ਮਹਿਲਾ ਨੇ ਜ਼ਿਕਰ ਕੀਤਾ ਸੀ। ਹਾਲਾਂਕਿ ਡਾਂਸਰ ਨੇ ਇਹ ਨਹੀਂ ਦੱਸਿਆ ਕਿ ਉਸ ਨੇ 10 ਮਹੀਨੇ ਬਾਅਦ ਅਕਤੂਬਰ ਵਿਚ ਕਿਉ ਸ਼ਿਕਾਇਤ ਦਰਜ ਕਰਾਈ।
ਚੇਤੇ ਰਹੇ ਰਾਜਭਵਨ ਦੀ ਇਕ ਮਹਿਲਾ ਮੁਲਾਜ਼ਮ ਨੇ 2 ਮਈ ਨੂੰ ਹਰੇ ਸਟਰੀਟ ਥਾਣੇ ਵਿਚ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਰਿਪੋਰਟ ਲਿਖਾਈ ਸੀ।



