ਲਖਨਊ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਇੱਥੇ ਐਲਾਨ ਕੀਤਾ ਕਿ ਜੇ ਇੰਡੀਆ ਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਉਹ ਗਰੀਬਾਂ ਲਈ ਰਾਸ਼ਨ ਕੋਟਾ 5 ਕਿੱਲੋ ਤੋਂ ਵਧਾ ਕੇ 10 ਕਿੱਲੋ ਕਰ ਦੇਵੇਗਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਉਨ੍ਹਾ ਕਿਹਾ ਕਿ ਕਾਂਗਰਸ ਨੇ ਹੀ ਖੁਰਾਕ ਸੁਰੱਖਿਆ ਕਾਨੂੰਨ ਲਿਆਂਦਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਸ ਦਾ ਸਿਹਰਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਇੰਡੀਆ ਗੱਠਜੋੜ ਗਰੀਬ ਅਤੇ ਕਮਜ਼ੋਰ ਵਰਗਾਂ ਦੇ ਨਾਲ ਹੈ, ਜਦ ਕਿ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਅਮੀਰਾਂ ਦੇ ਨਾਲ। ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਆਪਣੀ ਨਕਾਰਾਤਮਕਤਾ ’ਚ ਉਲਝ ਰਹੀ ਹੈ। ਉਹ ਪਿਛਲੇ 10 ਸਾਲਾਂ ’ਚ ਕੀਤੇ ਕੰਮਾਂ ਲਈ ਵੋਟ ਨਹੀਂ ਮੰਗ ਰਹੀ ਤੇ ਹੋਰ ਦੀਆਂ ਹੋਰ ਗੱਲਾਂ ਕਰਕੇ ਲੋਕਾਂ ਨੂੰ ਉਲਝਾ ਰਹੀ ਹੈ। ਉਨ੍ਹਾ ਬਹੁਜਨ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਰਬਾਦ ਨਾ ਕਰਨ ਅਤੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਦਾ ਸਮੱਰਥਨ ਕਰਨ।