34.6 C
Jalandhar
Thursday, June 13, 2024
spot_img

ਤਾਨਾਸ਼ਾਹੀ ਦੀ ਹਾਰ ਤੈਅ

ਚੌਥੇ ਗੇੜ ਤੱਕ ਦੀਆਂ 380 ਸੀਟਾਂ ’ਤੇ ਵੋਟਾਂ ਪੈ ਜਾਣ ਤੋਂ ਬਾਅਦ 2024 ਦੀਆਂ ਆਮ ਚੋਣਾਂ ਦੇ ਨਤੀਜਿਆਂ ਦਾ ਦਿ੍ਰਸ਼ ਸਾਫ਼ ਨਜ਼ਰ ਆਉਣ ਲੱਗਾ ਹੈ।
ਮੋਦੀ ਨੇ ਸੋਚਿਆ ਸੀ ਕਿ 400 ਪਾਰ ਦੇ ਨਾਅਰੇ ਨਾਲ ਉਹ ਗੋਦੀ ਮੀਡੀਆ ਦੇ ਬਲਬੂਤੇ ਚੋਣ ਮਾਹੌਲ ਨੂੰ ਸ਼ੋਰ-ਸ਼ਰਾਬੇ ਵਿੱਚ ਬਦਲ ਕੇ ਬਾਜ਼ੀ ਜਿੱਤ ਲੈਣਗੇ। ਮੋਦੀ ਇਹ ਭੁੱਲ ਗਏ ਕਿ ਸਮੇਂ ਨਾਲ ਅੱਜ ਸੋਸ਼ਲ ਮੀਡੀਆ ਏਨਾ ਸ਼ਕਤੀਸ਼ਾਲੀ ਹੋ ਚੁੱਕਾ ਹੈ ਕਿ ਉਸ ਨੇ ਗੋਦੀ ਮੀਡੀਆ ਦੀਆਂ ਗੋਡਣੀਆਂ ਲਵਾ ਕੇ ਆਪਣੀ ਪਹੁੰਚ ਘਰ-ਘਰ ਤੱਕ ਬਣਾ ਲਈ ਹੈ। ਯੂ-ਟਿਊਬ ਚੈਨਲਾਂ ਦਾ ਹੜ੍ਹ ਜਿਹਾ ਆ ਚੁੱਕਾ ਹੈ। ਇਨ੍ਹਾਂ ਚੈਨਲਾਂ ਨੂੰ ਚਲਾਉਣ ਵਾਲੇ ਉਹੀ ਪੱਤਰਕਾਰ ਹਨ, ਜਿਨ੍ਹਾਂ ਨੂੰ ਟੀ ਵੀ ਚੈਨਲ ਮਾਲਕਾਂ ਨੇ ਮੋਦੀ ਨੂੰ ਸਵਾਲ ਕਰਨ ਜਾਂ ਉਸ ਦੀ ਨੁਕਤਾਚੀਨੀ ਕਰਨ ਕਾਰਨ ਹਾਕਮਾਂ ਦੇ ਕਹਿਣ ਉਤੇ ਨੌਕਰੀਆਂ ਤੋਂ ਵੱਖ ਕੀਤਾ ਸੀ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀਆਂ ਦੋ ਯਾਤਰਾਵਾਂ ਨੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ। ਇਸ ਤੋਂ ਪਹਿਲਾਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੀਤੇ ਗਏ ਸਫ਼ਲ ਅੰਦੋਲਨ ਨੇ ਇਹ ਆਸ ਵੀ ਜਗਾ ਦਿੱਤੀ ਸੀ ਕਿ ਲੋਕ ਏਕੇ ਨਾਲ ਤਾਨਾਸ਼ਾਹੀ ਨੂੰ ਹਾਰ ਦਿੱਤੀ ਜਾ ਸਕਦੀ ਹੈ। ਕਿਸਾਨ ਅੰਦੋਲਨ ਦੇ ਨਾਲ ਹੀ ਮਜ਼ਦੂਰਾਂ, ਨੌਜਵਾਨਾਂ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਲਗਾਤਾਰ ਅੰਦੋਲਨ ਕਰਕੇ ਫਾਸ਼ੀ ਹਾਕਮਾਂ ਵਿਰੁੱਧ ਦੇਸ਼ ਭਰ ਵਿੱਚ ਮਾਹੌਲ ਸਿਰਜਣ ਦਾ ਕੰਮ ਕੀਤਾ ਸੀ।
ਫਾਸ਼ੀ ਹਾਕਮਾਂ ਦੀਆਂ ਕਰੂਰ ਕਾਰਵਾਈਆਂ ਨੇ ਦੇਸ਼ ਦੀਆਂ ਸਿਆਸੀ ਧਿਰਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਮਤਭੇਦ ਭੁਲਾ ਕੇ ਤਾਨਾਸ਼ਾਹੀ ਤੋਂ ਲੋਕਤੰਤਰ ਨੂੰ ਪੈਦਾ ਹੋਏ ਖ਼ਤਰੇ ਵਿਰੁੱਧ ਇਕ ਮੰਚ ਉੱਤੇ ਆਉਣ। ਇਸ ਲੋੜ ਵਿੱਚੋਂ ‘ਇੰਡੀਆ’ ਗੱਠਜੋੜ ਵੀ ਬਣਿਆ। ਚੋਣ ਪ੍ਰਚਾਰ ਦੇ ਸ਼ੁਰੂ ਹੁੰਦਿਆਂ ਹੀ ‘ਇੰਡੀਆ’ ਗੱਠਜੋੜ ਦੇ ਆਗੂਆਂ, ਖਾਸ ਕਰ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਚੋਣ ਮੁਹਿੰਮ ਨੂੰ ਜਨਤਕ ਮੁੱਦਿਆਂ ਉਤੇ ਕੇਂਦਰਤ ਕਰ ਦਿੱਤਾ, ਉਸ ਨੇ ਮੋਦੀ ਨੂੰ ਮਧੋਲ ਕੇ ਰੱਖ ਦਿੱਤਾ ਹੈ। ਇਸ ਸਮੇਂ ਮੋਦੀ ਦਾ ਸਾਰਾ ਪ੍ਰਚਾਰ ਲੀਹੋਂ ਲੱਥ ਚੁੱਕਾ ਹੈ।
ਸੰਸਦ ਤੇ ਮੀਡੀਆ ਦੀ ਆਵਾਜ਼ ਨੂੰ ਕੁਚਲ ਕੇ ਮੋਦੀ ਨੇ ਜੋ ਆਪਣੇ ਲਈ ਸਵਾਲ ਰਹਿਤ ਵਾਤਾਵਰਣ ਤਿਆਰ ਕੀਤਾ ਸੀ, ਉਹ ਚਾਰ ਗੇੜਾਂ ਦੇ ਝਟਕਿਆਂ ਨੇ ਤਹਿਸ-ਨਹਿਸ ਕਰ ਦਿੱਤਾ ਹੈ। ਹੁਣ ਤੱਕ ਮੋਦੀ ਹਮੇਸ਼ਾ ਸਵਾਲਾਂ ਤੋਂ ਭੱਜਦੇ ਰਹੇ ਹਨ। ਇਨ੍ਹਾਂ ਚੋਣਾਂ ਵਿੱਚੋਂ ਉੱਠੇ ਤਿੱਖੇ ਸਵਾਲਾਂ ਨੇ ਮੋਦੀ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਪੱਤਰਕਾਰਾਂ (ਭਾਵੇਂ ਗੋਦੀ ਮੀਡੀਆ ਦੇ ਹਨ) ਦਾ ਸਾਹਮਣਾ ਕਰਨ। ਇਸ ਤਰ੍ਹਾਂ ‘ਇੰਡੀਆ’ ਗੱਠਜੋੜ ਨੇ ਮੋਦੀ ਨੂੰ ਉਨ੍ਹਾ ਦੀ ਆਪੇ ਉਸਾਰੀ ਗੁਫ਼ਾ ਵਿੱਚੋਂ ਖਿੱਚ ਕੇ ਲੋਕਾਂ ਦੇ ਰੂਬਰੂ ਕਰ ਦਿੱਤਾ ਹੈ।
ਮੋਦੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਹਰਕਤਾਂ ਤੋਂ ਜਾਪਦਾ ਹੈ ਕਿ ਉਹ ਡੂੰਘੀ ਨਿਰਾਸ਼ਾ ਦਾ ਸ਼ਿਕਾਰ ਹਨ। ਦੂਜੇ ਪਾਸੇ ਰਾਹੁਲ, ਅਖਿਲੇਸ਼, ਤੇਜਸਵੀ, ਊਧਵ ਠਾਕਰੇ ਤੇ ਇੰਡੀਆ ਗੱਠਜੋੜ ਦੇ ਹੋਰ ਆਗੂ ਹਰ ਗੇੜ ਤੋਂ ਬਾਅਦ ਬੇਫਿਕਰ, ਹਮਲਾਵਰ ਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਨਜ਼ਰ ਆਉਂਦੇ ਹਨ।
ਚੋਣਾਂ ਦੌਰਾਨ ਵਿਕਸਤ ਹੋ ਚੁੱਕੇ ਮਾਹੌਲ ਤੋਂ ਭਾਜਪਾਈ ਹਾਕਮ ਬਦਹਵਾਸ ਹੋ ਚੁੱਕੇ ਹਨ। ਗੋਦੀ ਮੀਡੀਆ ਦਾ ਇੱਕ ਹਿੱਸਾ ਹਕੀਕਤ ਸਮਝ ਕੇ ਬਦਲ ਰਿਹਾ ਹੈ, ਪਰ ਪੱਕੇ ਭਗਤ ਹਾਲੇ ਵੀ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਉਹ ਹਾਲੇ ਵੀ ਮੋਦੀ ਦਾ ਗੁਣਗਾਨ ਕਰਨ ਵਿੱਚ ਮਸਤ ਹਨ। ਮੋਦੀ ਦੇ ਪਤਨ ਦੇ ਸਭ ਸੰਕੇਤਾਂ ਦੇ ਬਾਵਜੂਦ ‘ਗੋਦੀ ਮੀਡੀਆ’ ਉਨ੍ਹਾ ਦੀ ਹਾਰ ਦਾ ਸਹੀ-ਸਹੀ ਅੰਦਾਜ਼ਾ ਲਾਉਣ ’ਚ ਅਸਮਰੱਥ ਹੈ।
ਰਾਹੁਲ ਦਾ ਅਨੁਮਾਨ ਹੈ ਕਿ ਇਸ ਵਾਰ ਭਾਜਪਾ 150-180 ਤੋਂ ਵੱਧ ਸੀਟਾਂ ਹਾਸਲ ਨਹੀਂ ਕਰ ਸਕੇਗੀ। ਯੋਗੇਂਦਰ ਯਾਦਵ ਇੱਕ ਹੰਢਿਆ ਹੋਇਆ ਚੋਣ ਵਿਸ਼ਲੇਸ਼ਕ ਹੈ। ਤਜਰਬਾ ਵੀ 40 ਸਾਲ ਤੋਂ ਵੱਧ ਦਾ ਹੈ। ਉਸ ਨੇ ਖੁਦ ਹਿੰਦੀ ਭਾਸ਼ੀ ਖੇਤਰਾਂ ਵਿੱਚ ਜਾ ਕੇ ਪੁਣਛਾਣ ਕਰਨ ਬਾਅਦ ਸਿੱਟਾ ਕੱਢਿਆ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀਆਂ ਵੋਟਾਂ ਵਿੱਚ 33 ਫੀਸਦੀ ਤੱਕ ਦੀ ਗਿਰਾਵਟ ਹੋਣ ਵਾਲੀ ਹੈ। ਪਿਛਲੀਆਂ ਚੋਣਾਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਭਾਜਪਾ ਨੇ 50 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਉਹ 33 ਫੀਸਦੀ ਰਹਿ ਜਾਣਗੀਆਂ। ਇਸ ਸਮੇਂ ਇਨ੍ਹਾਂ ਸਭ ਖੇਤਰਾਂ ਵਿੱਚ ਭਾਜਪਾ ਤੇ ‘ਇੰਡੀਆ’ ਗੱਠਜੋੜ ਵਿੱਚ ਸਿੱਧੀ ਟੱਕਰ ਹੈ। ਯਾਦਵ ਅਨੁਸਾਰ ਭਾਜਪਾ ਦੀਆਂ ਵੋਟਾਂ 33 ਫੀਸਦੀ ਡਿੱਗਣ ਨਾਲ ਸੀਟਾਂ ਵਿੱਚ 67 ਫੀਸਦੀ ਦੀ ਗਿਰਾਵਟ ਆ ਜਾਵੇਗੀ। ਇਸ ਅਨੁਮਾਨ ਨਾਲ ਤਾਂ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ 100 ਤੋਂ ਘੱਟ ਰਹਿ ਜਾਣਗੀਆਂ। ਅੱਜ ਹਰ ਸੂਬੇ ਵਿੱਚ ਮੋਦੀ ਨੂੰ ‘ਇੰਡੀਆ’ ਵੱਲੋਂ ਸਖ਼ਤ ਚੁਣੌਤੀ ਮਿਲ ਰਹੀ ਹੈ ਤੇ ਉਹ ਗਲੀ-ਗਲੀ ਭਟਕਣ ਲਈ ਮਜਬੂਰ ਹੋ ਚੁੱਕੇ ਹਨ। ਆਉਣ ਵਾਲੇ 3 ਗੇੜਾਂ ਦੀਆਂ ਚੋਣਾਂ ਵਿੱਚ ਜੇਕਰ ਰਹਿੰਦੀਆਂ ਸੀਟਾਂ ’ਤੇ ‘ਇੰਡੀਆ’ ਗੱਠਜੋੜ ਭਾਜਪਾ ਨੂੰ ਸਖ਼ਤ ਟੱਕਰ ਦਿੰਦਾ ਹੈ ਤਾਂ ਮੋਦੀ ਦੀਆਂ ਹਰਕਤਾਂ ਉਨ੍ਹਾ ਨੂੰ ਹਾਸੇ ਦਾ ਪਾਤਰ ਬਣਾ ਦੇਣਗੀਆਂ। ਹੁਣ ਤੱਕ ਦੇ ਚੋਣ ਘੋਲ ਨੇ ਸਾਬਤ ਕਰ ਦਿੱਤਾ ਹੈ ਕਿ ਜਨਤਾ ਦੀ ਏਕਤਾ ਤੇ ਉਸ ਦਾ ਸੰਘਰਸ਼ ਵੱਡੀ ਤੋਂ ਵੱਡੀ ਤਾਨਾਸ਼ਾਹੀ ਨੂੰ ਵੀ ਮਿੱਟੀ ਵਿੱਚ ਮਿਲਾ ਸਕਦਾ ਹੈ।
– ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles