ਨਵੀਂ ਦਿੱਲੀ : ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਵਡੋਦਰਾ ਲਈ ਏਅਰ ਇੰਡੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਦਹਿਸ਼ਤ ਫੈਲ ਗਈ, ਜਦੋਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨੇ ਜਹਾਜ਼ ਦੇ ਪਖਾਨੇ ਵਿਚ ਟਿਸ਼ੂ ਪੇਪਰ ਦੇਖਿਆ, ਜਿਸ ’ਤੇ ਬੰਬ ਲਿਖਿਆ ਹੋਇਆ ਸੀ। ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਚੈਕਿੰਗ ਕੀਤੀ ਗਈ. ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।
ਪੁਤਿਨ ਚੀਨ ਪੁੱਜੇ
ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਰਾਜਕੀ ਯਾਤਰਾ ’ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਾਰੋਹ ’ਚ ਸਵਾਗਤ ਕੀਤਾ। ਫਰਵਰੀ 2022 ’ਚ ਯੂਕਰੇਨ ਨਾਲ ਸ਼ੁਰੂ ਹੋਈ ਲੜਾਈ ਤੋਂ ਬਾਅਦ ਰੂਸ ਆਰਥਕ ਤੌਰ ’ਤੇ ਚੀਨ ’ਤੇ ਜ਼ਿਆਦਾ ਨਿਰਭਰ ਹੋ ਗਿਆ ਹੈ ਅਤੇ ਪੁਤਿਨ ਦਾ ਇਹ ਦੌਰਾ ਇਨ੍ਹਾਂ ਹਾਲਾਤ ਵਿਚਾਲੇ ਹੋ ਰਿਹਾ ਹੈ। ਪੁਤਿਨ ਇਸ ਦੌਰੇ ਦੌਰਾਨ ਜਿਨਪਿੰਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ।
ਹੋਰਡਿੰਗ ਹੇਠ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ 16
ਮੁੰਬਈ : ਇੱਥੇ ਘਾਟਕੋਪਰ ’ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ, ਜਦੋਂ ਬਚਾਅਕਾਰੀਆਂ ਨੇ ਮਲਬੇ ਹੇਠ ਦੱਬੀ ਕਾਰ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਮਿ੍ਰਤਕਾਂ ਦੀ ਪਛਾਣ ਏਅਰ ਟ੍ਰੈਫਿਕ ਕੰਟਰੋਲ (ਏ ਟੀ ਸੀ) ਮੁੰਬਈ ਦੇ ਸਾਬਕਾ ਜੀ ਐੱਮ ਮਨੋਜ ਚਨਸੋਰੀਆ (60) ਅਤੇ ਉਸ ਦੀ ਪਤਨੀ ਅਨੀਤਾ (59) ਵਜੋਂ ਹੋਈ ਹੈ।
ਰਵੀਕਰਨ ਕਾਹਲੋਂ ਭਾਜਪਾ ’ਚ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਕੱਢ ਦਿੱਤੇ ਜਾਣ ਤੋਂ ਬਾਅਦ ਰਵੀਕਰਨ ਸਿੰਘ ਕਾਹਲੋਂ ਵੀਰਵਾਰ ਭਾਜਪਾ ਵਿਚ ਸ਼ਾਮਲ ਹੋ ਗਏ। ਕਾਹਲੋਂ ਦਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਵਾਗਤ ਕੀਤਾ ਗਿਆ। ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਕਾਹਲੋਂ ਨੇ ਡੇਰਾ ਬਾਬਾ ਨਾਨਕ ਸੀਟ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਸੁਖਬੀਰ ਸਿੰਘ ਬਾਦਲ ਨੇ ਕਾਹਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਦਲ ’ਚੋਂ ਕੱਢ ਦਿੱਤਾ ਸੀ।
ਮਾਲਤੀ ਜੋਸ਼ੀ ਦਾ ਦੇਹਾਂਤ
ਨਵੀਂ ਦਿੱਲੀ : ਪਦਮਸ੍ਰੀ ਪੁਰਸਕਾਰ ਜੇਤੂ ਲੇਖਕਾ ਅਤੇ ਪ੍ਰਸਿੱਧ ਕਹਾਣੀਕਾਰ ਮਾਲਤੀ ਜੋਸ਼ੀ (90) ਦਾ ਦੇਹਾਂਤ ਹੋ ਗਿਆ। ਉਸ ਨੇ ਆਪਣੇ ਪੁੱਤਰ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੇ ਮੈਂਬਰ ਸਕੱਤਰ ਸਚਿਦਾਨੰਦ ਜੋਸ਼ੀ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਆਖਰੀ ਸਾਹ ਲਿਆ। ‘ਮਾਲਵਾ ਕੀ ਮੀਰਾ’ ਦੇ ਨਾਂਅ ਨਾਲ ਮਸ਼ਹੂਰ ਮਾਲਤੀ ਜੋਸ਼ੀ ਨੂੰ 2018 ’ਚ ਪਦਮਸ੍ਰੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਦੀਆਂ ਕਹਾਣੀਆਂ ਮੱਧਿਆਂਤਰ, ਪਟਾਕਸ਼ੇਪ, ਪਰਾਜਯ, ਏਕ ਘਰ ਸਪਨੋਂ ਕਾ ਅਤੇ ਵੋ ਤੇਰਾ ਘਰ, ਯੇ ਮੇਰਾ ਘਰ ਅਤੇ ਨਾਵਲ ਔਰਤ ਏਕ ਰਾਤ ਹੈ ਬਹੁਤ ਪ੍ਰਸਿੱਧ ਹਨ।