ਫਰਾਂਸ ਵੱਲੋਂ ਨਿਊ ਕੈਲੇਡੋਨੀਆ ’ਚ ਵਿਦਰੋਹ ਕੁਚਲਣ ਦੀ ਕੋਸ਼ਿਸ਼

0
196

ਪੈਰਿਸ : ਪ੍ਰਸ਼ਾਂਤ ਮਹਾਸਾਗਰ ’ਚ ਸਥਿਤ ਨਿਊ ਕੈਲੇਡੋਨੀਆ ’ਚ ਹਿੰਸਾ ਭੜਕਣ ਤੋਂ ਬਾਅਦ ਫਰਾਂਸ ਨੇ ਉੱਥੇ 12 ਦਿਨਾਂ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਸੰਸਦ ਨੂੰ ਦੱਸਿਆ ਕਿ ਐਮਰਜੈਂਸੀ ਲਗਾਉਣ ਦਾ ਉਦੇਸ਼ ਜਲਦੀ ਤੋਂ ਜਲਦੀ ਕਾਨੂੰਨ ਅਤੇ ਵਿਵਸਥਾ ਨੂੰ ਬਹਾਲ ਕਰਨਾ ਸੀ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਸਨੇ ਆਖਰੀ ਵਾਰ 1985 ’ਚ ਅਜਿਹੇ ਉਪਾਅ ਲਾਗੂ ਕੀਤੇ ਸਨ। ਫਰਾਂਸ ਦੀ ਸਰਕਾਰ ਨੇ ਹਿੰਸਾ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਨਿਊ ਕੈਲੇਡੋਨੀਆ ਦੇ ਲੋਕ ਫਰਾਂਸ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਫਰਾਂਸੀਸੀ ਅਧਿਕਾਰੀਆਂ ਨੇ ਕਿਹਾ ਕਿ ਵੋਟਿੰਗ ਸੁਧਾਰਾਂ ਦੇ ਖਿਲਾਫ ਸੋਮਵਾਰ ਨੂੰ ਹਥਿਆਰਬੰਦ ਝੜਪਾਂ ਅਤੇ ਹੋਰ ਹਿੰਸਾ ’ਚ ਅਰਧ ਸੈਨਿਕ ਬਲ ਦੇ ਇੱਕ ਸਿਪਾਹੀ ਸਮੇਤ ਚਾਰ ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਲੋਕਾਂ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟਿਆ। ਹੁਣ ਤੱਕ 130 ਤੋਂ ਵੱਧ ਗਿ੍ਰਫਤਾਰੀਆਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਲਈ ਫਰਾਂਸੀਸੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੀਪ ਸਮੂਹ ’ਤੇ 1,800 ਪੁਲਸ ਕਰਮਚਾਰੀ ਅਤੇ ਅਰਧ ਸੈਨਿਕ ਬਲ ਪਹਿਲਾਂ ਹੀ ਮੌਜੂਦ ਹਨ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮੈਨਿਨ ਨੇ ਕਿਹਾ ਕਿ ਫਰਾਂਸ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਨਿਊ ਕੈਲੇਡੋਨੀਆ ਵਿੱਚ ਲੋਕ ਵੋਟਿੰਗ ਸੁਧਾਰਾਂ ਦਾ ਵਿਰੋਧ ਕਰ ਰਹੇ ਹਨ। ਇਸ ਹਫਤੇ ਦੀ ਅਸ਼ਾਂਤੀ ਉਦੋਂ ਭੜਕ ਗਈ, ਜਦੋਂ ਪੈਰਿਸ ’ਚ ਸੰਸਦ ਨੇ ਨਿਊ ਕੈਲੇਡੋਨੀਆ ’ਚ ਵੋਟਰ ਸੂਚੀਆਂ ਵਿੱਚ ਤਬਦੀਲੀਆਂ ਦੀ ਇਜਾਜ਼ਤ ਦੇਣ ਲਈ ਫਰਾਂਸੀਸੀ ਸੰਵਿਧਾਨ ’ਚ ਇੱਕ ਸੋਧ ’ਤੇ ਬਹਿਸ ਸ਼ੁਰੂ ਕੀਤੀ।
ਸੰਸਦ ਨੇ ਬੁੱਧਵਾਰ ਨੂੰ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਕਿ ਉਹ ਨਿਵਾਸੀ, ਜੋ ਨਿਊ ਕੈਲੇਡੋਨੀਆ ’ਚ 10 ਸਾਲਾਂ ਤੋਂ ਰਹਿ ਰਹੇ ਹਨ, ਸੂਬਾਈ ਚੋਣਾਂ ’ਚ ਵੋਟ ਪਾ ਸਕਣਗੇ। ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਸਥਾਨਕ ਲੋਕ ਹਾਸ਼ੀਏ ’ਤੇ ਚਲੇ ਜਾਣਗੇ।

LEAVE A REPLY

Please enter your comment!
Please enter your name here