ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ 6 ਜੂਨ ਨੂੰ ਕੋਲਕਾਤਾ ’ਚ ਕੁਵੈਤ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਤੋਂ ਬਾਅਦ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਛੇਤਰੀ (39) ਦੋ ਦਹਾਕੇ ਭਾਰਤੀ ਫੁੱਟਬਾਲ ਦੀ ਸ਼ਾਨ ਰਿਹਾ ਹੈ। ਭਾਰਤੀ ਕਪਤਾਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਕੇ ਕਿਹਾਕੁਵੈਤ ਖਿਲਾਫ ਮੈਚ ਆਖਰੀ ਮੈਚ ਹੋਵੇਗਾ। ਭਾਰਤ ਇਸ ਸਮੇਂ ਗਰੁੱਪ ‘ਏ’ ’ਚ ਮੋਹਰੀ ਕਤਰ ਤੋਂ ਪਿੱਛੇ 4 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਛੇਤਰੀ ਨੇ ਮਾਰਚ ’ਚ ਗੁਹਾਟੀ ’ਚ ਅਫਗਾਨਿਸਤਾਨ ਖਿਲਾਫ ਭਾਰਤ ਲਈ ਆਪਣਾ 150ਵਾਂ ਮੈਚ ਖੇਡਿਆ ਸੀ। ਉਸ ਨੇ ਉਸ ਮੈਚ ’ਚ ਇੱਕ ਗੋਲ ਵੀ ਕੀਤਾ ਸੀ। ਹਾਲਾਂਕਿ ਭਾਰਤ ਇਹ ਮੈਚ 1-2 ਨਾਲ ਹਾਰ ਗਿਆ ਸੀ। ਛੇਤਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2005 ’ਚ ਕੀਤੀ ਸੀ। ਹੁਣ ਤੱਕ ਉਹ ਦੇਸ਼ ਲਈ 94 ਗੋਲ ਕਰ ਚੁੱਕਾ ਹੈ।



