ਬਾਜਵਾ ਦੇ ਸੁਪਨੇ ਦੀ ਕਾਂਗਰਸ ਨੇ ਕਰ’ਤੀ ਹੱਤਿਆ : ਭਗਵੰਤ ਮਾਨ

0
132

ਗੁਰਦਾਸਪੁਰ/ਧਾਲੀਵਾਲ/ਚੰਡੀਗੜ੍ਹ (ਜਨਕ ਮਹਾਜਨ/ਮਨਦੀਪ ਸਿੰਘ ਵਿੱਕੀ/ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ।ਭਗਵੰਤ ਮਾਨ ਨੇ ਇੱਥੇ ਪ੍ਰਤਾਪ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ’ਤੇ ਜਨਤਾ ਨਾਲ ਧੋਖਾ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੇ ਹੁਣ ਤੱਕ ਕਿਸੇ ਵੀ ਸੰਸਦ ਮੈਂਬਰ ਨੇ ਇੱਥੋਂ ਦੇ ਲੋਕਾਂ ਲਈ ਕੋਈ ਵੀ ਕੰਮ ਨਹੀਂ ਕੀਤਾ।
ਮਾਨ ਨੇ ਕਿਹਾ ਕਿ ਇਸ ਵਾਰ ਤੁਹਾਡੇ ਕੋਲ ਆਪਣੀ ਪਿਛਲੀ ਗ਼ਲਤੀ ਨੂੰ ਸੁਧਾਰਨ ਦਾ ਮੌਕਾ ਹੈ। ਸ਼ੈਰੀ ਕਲਸੀ ਤੁਹਾਡੇ ਘਰ ਦਾ ਮੁੰਡਾ ਹੈ। ਉਹ ਇਸ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਜਿਤਾਓ, ਐੱਮ ਪੀ ਬਣਨ ਤੋਂ ਬਾਅਦ ਤੁਸੀਂ ਉਸ ਦੇ ਘਰ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ। ਉਹਨਾ ਕਾਂਗਰਸੀ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ ਅਤੇ ਉਹ ਇਸ ਦਾ ਦੋਸ਼ ਸਾਡੇ ’ਤੇ ਲਗਾਉਦੇ ਹਨ। ਉਹ (ਬਾਜਵਾ) ਸਾਡੇ ਵਿਧਾਇਕਾਂ ਨੂੰ ਮੋਬਾਇਲ ਮੁਰੰਮਤ ਕਰਨ ਵਾਲੇ ਅਤੇ ਮੈਟੀਰੀਅਲ ਬੋਲਦੇ ਹਨ।ਮਾਨ ਨੇ ਕਿਹਾ ਕਿ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾ ਦੇ ਸੰਪਰਕ ’ਚ ਹਨ, ਜਦਕਿ ਉਨ੍ਹਾ ਦਾ ਸਕਾ ਭਰਾ ਵੀ ਉਨ੍ਹਾ ਦੇ ਸੰਪਰਕ ਵਿੱਚ ਨਹੀਂ। ਉਨ੍ਹਾ ਕਿਹਾ ਕਿ ਬਾਜਵਾ ਦਾ ਘਰ ਪੰਜਾਬ ਦਾ ਇਕਲੌਤਾ ਘਰ ਹੈ, ਜਿਸ ’ਤੇ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਝੰਡੇ ਹਨ। ਦੋਵਾਂ ਦੇ ਵਿਚਕਾਰ ਸਿਰਫ ਕੁਝ ਪੌੜੀਆਂ ਦੀ ਹੀ ਦੂਰੀ ਹੈ। ਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ (ਸੁਖਬੀਰ) ਏ ਸੀ ਵਿਚ ਰਹਿਣ ਵਾਲੇ ਇਨਸਾਨ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਦੇ ਹਨ। ਉਹਨਾ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾ ਦੀ ਇਕ ਬੇਨਤੀ ’ਤੇ 33 ਫ਼ੀਸਦੀ ਕਿਸਾਨਾਂ ਨੇ ਪੂਸਾ-44 ਜਿਸ ਨੂੰ ਤਿਆਰ ਹੋਣ ’ਚ 150 ਦਿਨ ਤੋਂ ਵੱਧ ਸਮਾਂ ਲੱਗਦਾ ਹੈ, ਦੀ ਬਜਾਏ ਪੀ ਆਰ-126, ਪੀ ਆਰ-127, ਪੀ ਆਰ-128 ਆਦਿ ਦੀ ਖੇਤੀ ਕੀਤੀ, ਜਿਸ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬਿਲੀਅਨ ਕਿਉਸਿਕ ਪਾਣੀ ਦੀ ਬੱਚਤ ਹੋਈ। ਇਸ ਵਾਰ ਵੀ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਦਿਨ ਦੇ ਸਮੇਂ ਬਿਨਾਂ ਕੱਟ ਦੇ ਲਗਾਤਾਰ ਬਿਜਲੀ ਮਿਲੇਗੀ, ਕਿਉਕਿ ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ।
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਕਿ ਅਸੀਂ ਜਾਤ-ਪਾਤ ਅਤੇ ਧਰਮ ਦੇ ਨਾਂਅ ’ਤੇ ਵੋਟਾਂ ਨਹੀਂ ਮੰਗ ਰਹੇ, ਅਸੀਂ ਆਪਣੀ ਸਰਕਾਰ ਦੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੇ ਨਾਂਅ ’ਤੇ ਵੋਟਾਂ ਮੰਗ ਰਹੇ ਹਾਂ। ਲੋਕ ਆਪ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਤ ਹਨ। ਮੈਂ ਜਿੱਥੇ ਵੀ ਪ੍ਰਚਾਰ ਕਰਨ ਜਾਂਦਾ ਹਾਂ, ਲੋਕ ਆਪ ਹੀ ਕਹਿੰਦੇ ਹਨ ਕਿ ਜੋ ਕੰਮ 75 ਸਾਲਾਂ ਵਿੱਚ ਨਹੀਂ ਹੋਏ, ਉਹ ਕੰਮ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਹੀ ਕਰ ਦਿੱਤੇ ਹਨ।

LEAVE A REPLY

Please enter your comment!
Please enter your name here