ਜਲੰਧਰ (ਗਿਆਨ ਸੈਦਪੁਰੀ)-ਸੀ ਪੀ ਆਈ (ਐੱਮ) ਦੇ ਦਫ਼ਤਰ ਵਿੱਚ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਕਿ ਪੰਜਾਬ ਦੀਆਂ 9 ਲੋਕ ਸਭਾਈ ਸੀਟਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇਗਾ | ਕਮਿਊਨਿਸਟ ਆਗੂਆਂ ਨੇ ਦੱਸਿਆ ਕਿ ਜਲੰਧਰ ਸੀਟ ਤੋਂ ਸੀ ਪੀ ਆਈ (ਐੱਮ) ਦੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ, ਫਰੀਦਕੋਟ ਤੇ ਅੰਮਿ੍ਤਸਰ ਤੋਂ ਸੀ ਪੀ ਆਈ ਦੇ ਉਮੀਦਵਾਰ ਕ੍ਰਮਵਾਰ ਕਾਮਰੇਡ ਗੁਰਦਿਆਲ ਸਿੰਘ, ਕਾਮਰੇਡ ਗੁਰਚਰਨ ਸਿੰਘ ਮਾਨ ਤੇ ਕਾਮਰੇਡ ਦਸਵਿੰਦਰ ਕੌਰ ਚੋਣ ਮੈਦਾਨ ਵਿੱਚ ਹਨ | ਇਨ੍ਹਾਂ ਚਾਰ ਸੀਟਾਂ ‘ਤੇ ਦੋਵਾਂ ਪਾਰਟੀਆਂ ਨੇ ਸਾਂਝੀ ਚੋਣ ਮੁਹਿੰਮ ਵਿੱਢੀ ਹੋਈ ਹੈ | ਸੋਚ ਵਿਚਾਰ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਬਾਕੀ 9 ਸੀਟਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇਗਾ | ਪੰਜਾਬ ਵਿੱਚ ਖੱਬੀ ਧਿਰ ਦੀ ਮਜ਼ਬੂਤੀ ਲਈ ਆਗੂਆਂ ਨੇ ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ (ਪਾਸਲਾ), ਸੀ ਪੀ ਆਈ (ਐੱਮ) ਲਿਬਰੇਸ਼ਨ, ਸੀ ਪੀ ਆਈ ਐੱਮ (ਐੱਲ) ਨਿਊ ਡੈਮੋਕਰੇਸੀ ਅਤੇ ਹੋਰ ਖੱਬੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਰ ਲੋਕ ਸਭਾਈ ਸੀਟਾਂ ‘ਤੇ ਸੀ ਪੀ ਆਈ ਅਤੇ ਸੀ ਪੀ ਆਈ (ਅੱੈਮ) ਦੇ ਉਮੀਦਵਾਰਾਂ ਦਾ ਸਮੱਰਥਨ ਕਰਨ | ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਵੱਡੀ ਸਿਆਸੀ ਪਾਰਟੀ ਹੈ | ਪੰਜਾਬ ਵਿੱਚ ਭਾਜਪਾ ਨੂੰ ਹਰਾਉਣ ਲਈ ਭਾਰਤ ਪੱਧਰ ‘ਤੇ ਬਣੇ ਇੰਡੀਆ ਗੱਠਜੋੜ ਦਾ ਹਿੱਸਾ ਬਣਨਾ ਸਮੇਂ ਦੀ ਮੰਗ ਸੀ | ਕਾਂਗਰਸ ਪਾਰਟੀ ਦੀ ਇਸ ਸੰਬੰਧ ਵਿੱਚ ਅਹਿਮ ਭੂਮਿਕਾ ਹੋਣੀ ਚਾਹੀਦੀ ਸੀ | ਉਸ ਦੀ ਸਿਆਸੀ ਗੈਰ-ਸੰਜੀਦਗੀ ਕਾਰਨ ਇਸ ਤਰ੍ਹਾਂ ਨਹੀਂ ਹੋ ਸਕਿਆ | ਅਜਿਹੀ ਸਥਿਤੀ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਨੇ ਆਪਣੀ ਸਿਆਸੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਫੈਸਲਾ ਕੀਤਾ ਕਿ 9 ਸੀਟਾਂ ‘ਤੇ ਪਾਰਟੀ ਦਾ ਕੇਡਰ ਕਾਂਗਰਸ ਪਾਰਟੀ ਨੂੰ ਵੋਟ ਪਾਵੇਗਾ | ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਾਂਝੀ ਸਿਆਸੀ ਮੁਹਿੰਮ ਨਹੀਂ ਚਲਾਈ ਜਾਵੇਗੀ | ਕਾਂਗਰਸ ਨਾਲ ਚੋਣ ਮੰਚ ਸਾਂਝਾ ਨਹੀਂ ਕੀਤਾ ਜਾਵੇਗਾ | ਬਰਾੜ ਤੇ ਸੇਖੋਂ ਨੇ ਯਾਦ ਕਰਵਾਇਆ ਕਿ ਭਾਜਪਾ ਤੇ ਕਾਰਪੋਰੇਟਾਂ ਦੀ ਨਾਪਾਕ ਸਾਂਝ ਬਾਰੇ ਖੱਬੀਆਂ ਧਿਰਾਂ ਨੇ ਬਹੁਤ ਪਹਿਲਾਂ ਇਸ ਨੂੰ ਨਕਾਰਨ ਤੇ ਨਿਖੇੜਨ ਦਾ ਹੋਕਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਪੂਰੇ ਭਾਰਤੀ ਚੋਣ ਦਿ੍ਸ਼ ‘ਤੇ ਝਾਤ ਮਾਰਦਿਆਂ ਇਹੀ ਸਮਝ ਬਣਦੀ ਹੈ ਕਿ ਮੋਦੀ ਦਾ ‘ਚਾਰ ਸੌ ਪਾਰ’ ਦਾ ਨਾਅਰਾ ਠੱੁਸ ਹੋ ਗਿਆ ਹੈ | ਇਸ ਮੌਕੇ ਇਕ ਸਵਾਲ ਦਾ ਜਵਾਬ ਦਿੰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਪੰਜਾਬ ਦੇ ਸੰਦਰਭ ਵਿੱਚ ਸਿਆਸੀ ਤੌਰ ‘ਤੇ ਇਹ ਤਸੱਲੀ ਵਾਲਾ ਵਰਤਾਰਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਭਾਜਪਾ ਦੀ ਫਿਰਕੂ ਸਿਆਸਤ ਦਾ ਹਿੱਸਾ ਨਹੀਂ ਬਣੀ, ਸਮੇਤ ਅਕਾਲੀ ਦਲ ਬਾਦਲ ਦੇ | ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਪੰਜਾਬ ਵਿੱਚ ਭਾਜਪਾ ਤੇ ਆਰ ਐੱਸ ਐੱਸ ਦਾ ਪੈਰ ਧਰਾਵਾ ਅਕਾਲੀ ਦਲ ਨੇ ਹੀ ਕਰਵਾਇਆ ਸੀ | ਹੁਣ ਜਦੋਂ ਕਿ ਆਰ ਐੱਸ ਐੱਸ ਪੰਜਾਬ ਦੇ ਪਿੰਡਾਂ ਤੱਕ ਪਸਾਰਾ ਕਰਨ ਦੇ ਆਹਰ ਵਿੱਚ ਹੈ ਤਾਂ ਉਸ ਨਾਲੋਂ ਅਕਾਲੀ ਦਲ ਦਾ ਤੋੜ-ਵਿਛੋੜਾ ਸਵਾਗਤਯੋਗ ਹੈ |
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸਾਥੀ ਬਰਾੜ ਨੇ ਕਿਹਾ ਕਿ ‘ਆਪ’ ਭਾਰਤ ਪੱਧਰ ‘ਤੇ ਇੰਡੀਆ ਗੱਠਜੋੜ ਦਾ ਹਿੱਸਾ ਹੈ | ਪੰਜਾਬ ਵਿੱਚ ਦੋ ਸਾਲਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਇੱਥੋਂ ਦੇ ਲੋਕਾਂ ਦੇ ਮਸਲੇ ਆਪ ਹੱਲ ਕਰਨ ਵਿੱਚ ਅਸਫਲ ਰਹੀ ਹੈ | ਸਾਥੀ ਬਰਾੜ ਨੇ ਇੱਕ ਵਾਰ ਫਿਰ ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਨਿਤਰਨ, ਤਾਂ ਕਿ ਇਸ ਨਾਲ ਖੱਬੀਆਂ ਧਿਰਾਂ ਦੇ ਕੇਡਰ ਵੱਲੋਂ ਸਾਂਝੀ ਖੱਬੀ ਧਿਰ ਦਾ ਮੰਚ ਉਸਾਰੇ ਜਾਣ ਦੀ ਕੀਤੀ ਜਾ ਰਹੀ ਤਾਂਘ ਨੂੰ ਬੂਰ ਪੈ ਸਕੇ |



