ਨਵੀਂ ਦਿੱਲੀ : ਉੱਤਰ-ਪੱਛਮੀ ਭਾਰਤ ਦੇ ਵੱਡੇ ਹਿੱਸੇ ’ਚ ਅਗਲੇ 5 ਦਿਨ ਹੋਰ ਭਿਆਨਕ ਗਰਮੀ ਪਏਗੀ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਨਜ਼ਰ ਆਏਗਾ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਤੇਜ਼ ਗਰਮੀ ਅਤੇ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਅਤੇ ਕੇਂਦਰੀ ਖੇਤਰਾਂ ’ਚ ਲੂ ਚੱਲਣ ਦਾ ਅਨੁਮਾਨ ਲਾਇਆ ਹੈ।ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਪੰਜਾਬ ਅਤੇ ਪੱਛਮੀ ਰਾਜਸਥਾਨ ਲਈ ਰੈੱਡ ਅਲਰਟ ਵੀ ਜਾਰੀ ਕੀਤਾ ਹੈ।
ਮਾਹੌਲ ‘ਇੰਡੀਆ’ ਗੱਠਜੋੜ ਦੇ ਹੱਕ ’ਚ : ਲਾਲੂ
ਪਟਨਾ : ਦੇਸ਼ ਭਰ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਸ਼ਨੀਵਾਰ ਆਰ ਜੇ ਡੀ ਪ੍ਰਮੁੱਖ ਲਾਲੂ ਯਾਦਵ ਸਾਰਨ ’ਚ ਪਾਰਟੀ ਉਮੀਦਵਾਰ ਅਤੇ ਆਪਣੀ ਬੇਟੀ ਰੋਹਿਣੀ ਅਚਾਰੀਆ ਲਈ ਚੋਣ ਪ੍ਰਚਾਰ ਕਰਨ ਪਹੁੰਚੇ । ਇੱਥੇ ਉਨ੍ਹਾ ਕੇਂਦਰ ਅਤੇ ਬਿਹਾਰ ਦੀ ਸਰਕਾਰ ’ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ ਕਿ ਪੂਰਾ ਮਹੌਲ ਇੰਡੀਆ ਗਠਜੋੜ ਦੇ ਪੱਖ ’ਚ ਹੈ। ਬਿਹਾਰ ’ਚ ਇੰਡੀਆ ਗਠਜੋੜ ਦੇ ਹੱਕ ’ਚ ਹਵਾ ਬਣੀ ਹੋਈ ਹੈ। ਨਾਲ ਹੀ ਉਨ੍ਹਾ ਦਾਅਵਾ ਕੀਤਾ ਕਿ ਜਿੱਥੇ ਮੈਂ ਖੜਾ ਹਾਂ, ਉਥੋਂ ਰੋਹਿਣੀ ਅਚਾਰੀਆ ਵੱਡੀ ਗਿਣਤੀ ’ਚ ਜਿੱਤ ਰਹੀ ਹੈ। ਮੈਨੂੰ ਭਰੋਸਾ ਹੈ ਰੋਹਿਣੀ ਦੀ ਜਿੱਤ ਪੱਕੀ ਹੈ, ਇਸ ਲਈ ਦਾਅਵਾ ਕਰ ਰਿਹਾ ਹਾਂ। ਲਾਲੂ ਨੇ ਕਿਹਾ ਕਿ ਭਾਜਪਾ ਸੰਵਿਧਾਨ ਵਿਰੋਧੀ ਹੈ, ਇਸ ਦਾ ਸਫਾਇਆ ਹੋਣ ਜਾ ਰਿਹਾ ਹੈ।
ਸੈਕਸ ਸਕੈਂਡਲ : ਰੇਵੰਨਾ ਹੀ ਨਹੀਂ, ਹੋਰ ਵੀ ਕਈ ਸ਼ਾਮਲ : ਦੇਵਗੌੜਾ
ਬੈਂਗਲੁਰੂ : ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ ਨੇ ਆਪਣੇ ਪੋਤੇ ਅਤੇ ਜੇ ਡੀ ਐੱਸ ਸਾਂਸਦ ਪ੍ਰਜਵਲ ਰੇਵੰਨਾ ਨਾਲ ਜੁੜੇ ਕਥਿਤ ਸੈਕਸ ਸਕੈਂਡਲ ’ਤੇ ਚੁੱਪੀ ਤੋੜੀ ਹੈ। ਉਨ੍ਹਾ ਕਿਹਾ ਕਿ ਇਸ ’ਚ ਕਈ ਹੋਰ ਲੋਕ ਸ਼ਾਮਲ ਹਨ। ਸਾਰਿਆਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੈਂ ਉਨ੍ਹਾਂ ਦਾ ਨਾਂਅ ਨਹੀਂ ਲਵਾਂਗਾ। ਪ੍ਰਜਵਲ ਖਿਲਾਫ਼ ਦੋਸ਼ਾਂ ’ਤੇ ਇਹ ਦੇਵਗੌੜਾ ਦੀ ਪਹਿਲੀ ਪ੍ਰਤੀਕਿਰਿਆ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੇ ਡੀ ਐੱਸ ਸਾਂਸਦ ਫਿਲਹਾਲ ਜਰਮਨੀ ’ਚ ਹੈ।