ਮੁੰਬਈ : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ‘ਇੰਡੀਆ’ ਗਠਜੋੜ ਦੇ ਨੇਤਾਵਾਂ ਦੀ ਸ਼ਨੀਵਾਰ ਮੁੰਬਈ ਦੇ ਇੱਕ ਹੋਟਲ ’ਚ ਸਾਂਝੀ ਪ੍ਰੈੱਸ ਕਾਨਫਰੰਸ ਹੋਈ। ਇਸ ’ਚ ਠਾਕਰੇ ਦੇ ਨਾਲ ਕਾਂਗਰਸ ਪ੍ਰਮੁੱਖ ਮਲਿਕਾਰਜੁਨ ਖੜਗੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਪ੍ਰਮੁੱਖ ਸ਼ਰਦ ਯਾਦਵ ਅਤੇ ਗਠਜੋੜ ਦੇ ਹੋਰ ਕਈ ਨੇਤਾ ਮੌਜੂਦ ਸਨ। ਇਸ ਪੱਤਰਕਾਰ ਮਿਲਣੀ ਦੀ ਸ਼ੁਰੂਆਤ ’ਚ ਕਾਂਗਰਸ ਦੇ ਪ੍ਰਧਾਨ ਖੜਗੇ ਨੇ ਭਾਜਪਾ ਅਤੇ ਸ਼ਿਵ-ਸੈਨਾ ਏਕਨਾਥ ਸ਼ਿੰਦੇ ’ਤੇ ਜੰਮ ਕੇ ਹਮਲਾ ਕੀਤਾ। ਉਨ੍ਹਾ ਕਿਹਾ ਕਿ ਮਹਾਰਾਸ਼ਟਰ ’ਚ ਗੈਰ-ਕਾਨੂੰਨੀ ਸਰਕਾਰ ਧੋਖੇ ਅਤੇ ਸਾਜ਼ਿਸ਼ ਦੇ ਅਧਾਰ ’ਤੇ ਬਣਾਈ ਗਈ, ਜਿਸ ਦਾ ਸਮਰਥਨ ਖੁਦ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ। ਖੜਗੇ ਨੇ ਕਿਹਾ ਕਿ ਸੂਬੇ ’ਚ ਪ੍ਰਧਾਨ ਮੰਤਰੀ ਦੀਆਂ ਕਈ ਰੈਲੀਆਂ ਹੋ ਰਹੀਆਂ ਹਨ। ਉਹ ਲੋਕਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ। ਸ਼ਾਇਦ ਹੀ ਕੋਈ ਪ੍ਰਧਾਨ ਮੰਤਰੀ ਇਸ ਤਰ੍ਹਾਂ ਕਰਦਾ ਹੋਵੇਗਾ। ਉਨ੍ਹਾ ਕਿਹਾ ਕਿ 53 ਸਾਲ ਤੋਂ ਮੈਂ ਰਾਜਨੀਤੀ ’ਚ ਹਾਂ, ਪਵਾਰ ਸਾਹਬ ਸਾਡੇ ਤੋਂ 5 ਸਾਲ ਅੱਗੇ ਹਨ ਅਤੇ ਊਧਵ ਠਾਕਰੇ ਵੀ ਸਰਗਰਮ ਹਨ। ਮੇਰਾ ਇਹੀ ਕਹਿਣਾ ਹੈ ਕਿ ਵਿਸ਼ਵਾਸਘਾਤ ਦੀ ਰਾਜਨੀਤੀ ਹੋ ਰਹੀ ਹੈ, ਆਪੋਜ਼ੀਸ਼ਨ ਨੂੰ ਤੋੜਿਆ ਜਾ ਰਿਹਾ ਹੈ। ਖੜਗੇ ਨੇ ਭਾਜਪਾ ’ਤੇ ਦੋਸ਼ ਲਾਉਂਦੇ ਕਿਹਾ ਕਿ ਅਸਲੀ ਦਲ ਦੇ ਨਿਸ਼ਾਨ ਖੋਹੇ ਜਾ ਰਹੇ ਹਨ। ਕੋਰਟ ਦਾ ਫੈਸਲਾ ਵੀ ਮੋਦੀ ਦੇ ਇਸ਼ਾਰੇ ’ਤੇ ਚਲਦਾ ਹੈ, ਪਰ ਇਸ ਵਾਰ ਦੀਆਂ ਚੋਣਾਂ ’ਚ ਇਸ ਤਰ੍ਹਾਂ ਨਹੀਂ ਹੋਣ ਦਿਆਂਗੇ। ਜਨਤਾ ਲੜ ਰਹੀ ਹੈ, ਜਨਤਾ ਜਿੱਤੇਗੀ, ਲੋਕਾਂ ’ਚ ਗੁੱਸਾ ਹੈ। ਉਹ ਡੈਮੋਕਰੇਸੀ ਦੀ ਗੱਲ ਕਰਦੇ ਹਨ। ਉਨ੍ਹਾ ਕਿਹਾਮੁੰਬਈ ’ਚ ਬੀ ਐੱਮ ਸੀ ਚੋਣਾਂ ਨਹੀਂ ਹੋ ਰਹੀਆਂ, ਇਹ ਵੀ ਮੋਦੀ ਦੀ ਰਾਜਨੀਤੀ ਹੈ। ਕਰਨਾਟਕ ’ਚ ਤੋੜ-ਫੋੜ ਦੀ ਰਾਜਨੀਤੀ ਚੱਲ ਰਹੀ ਹੈ, ਗੋਆ, ਮੱਧ ਪ੍ਰਦੇਸ਼, ਗੁਜਰਾਤ ’ਚ ਵੀ ਇਹੀ ਕੀਤਾ, ਇਹ ਉਨ੍ਹਾ ਦੀ ਨੀਤੀ ਹੈ। ਉਨ੍ਹਾ ਕਿਹਾ ਕਿ ਅਸੀਂ ਮਹਾਰਾਸ਼ਟਰ ’ਚ 48 ਸੀਟਾਂ ’ਚੋਂ 46 ਸੀਟਾਂ ਜਿੱਤਾਂਗੇ। ‘ਇੰਡੀਆ’ ਗਠਜੋੜ ਵੱਲੋਂ ਕੌਣ ਹੋਵੇਗਾ ਪ੍ਰਧਾਨ ਅਹੁਦੇ ਦਾ ਉਮੀਦਵਾਰ? ਇਹ ਸਵਾਲ ਆਪੋਜ਼ੀਸ਼ਨ ਤੋਂ ਲਗਾਤਾਰ ਪੁੱਛਿਆ ਜਾ ਰਿਹਾ ਹੈ। ਇਸੇ ਦੌਰਾਨ ਸ਼ਿਵ ਸੈਨਾ (ਯੂ ਬੀ ਟੀ) ਪ੍ਰਮੁੱਖ ਠਾਕਰੇ ਨੇ ਕਿਹਾ ਕਿ ਇੰਡੀਆ ਗਠਜੋੜ ’ਚ ਪ੍ਰਧਾਨ ਮੰਤਰੀ ਅਹੁਦੇ ਲਈ ਕਈ ਸੰਭਾਵਤ ਉਮੀਦਵਾਰ ਹਨ ਅਤੇ ਗਠਜੋੜ ਦੇ ਅੰਦਰ ਇੱਕ ਫੈਸਲਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾ ਕਿਹਾ ਕਿ ਇਸ ਸਮੇਂ ਇਸ ਦਾ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ। ਠਾਕਰੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੰਡੀਆ ਗਠਜੋੜ ਦਾ ਪਹਿਲਾ ਉਦੇਸ਼ ਦੇਸ਼ ਦੇ ਲੋਕਤੰਤਰ ਅਤੇ ਆਜ਼ਾਦੀ ਦੀ ਰੱਖਿਆ ਕਰਨਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਭਾਸ਼ਣਾਂ ’ਚ ਇਸ ਗੱਲ ਦਾ ਜ਼ਿਕਰ ਕਰਦੇ ਆ ਰਹੇ ਹਨ ਕਿ ‘ਇੰਡੀਆ’ ਗਠਜੋੜ ਇੱਕ ਵੰਡਿਆ ਹੋਇਆ ਘਰ ਹੈ, ਜਿਸ ’ਚ ਕਈ ਨੇਤਾ ਅਤੇ ਨਾਅਰੇ ਹਨ, ਪ੍ਰਧਾਨ ਮੰਤਰੀ ਅਹੁਦੇ ਲਈ ਇੱਕ-ਦੂਜੇ ’ਚ ਦੌੜ ਲੱਗੀ ਹੋਈ ਹੈ।
ਊਧਵ ਠਾਕਰੇ ਨੇ ਮੋਦੀ ਦੇ ਦੋਸ਼ਾਂ ’ਤੇ ਪਲਟਵਾਰ ਕਰਦੇ ਹੋਏ ਕਿਹਾ, ‘ਮੋਦੀ ਨੇ ਘੱਟੋ-ਘੱਟ ਸਵੀਕਾਰ ਤਾਂ ਕੀਤਾ ਕਿ ਸਾਡੇ ਕੋਲ ਇਸ ਅਹੁਦੇ ਲਈ ਕਈ ਚਿਹਰੇ ਹਨ, ਪਰ ਭਾਜਪਾ ਦੇ ਕੋਲ ਇਸ ਅਹੁਦੇ ਲਈ ਸੋਚਣ ਲਈ ਕੋਈ ਦੂਜਾ ਚਿਹਰਾ ਨਹੀਂ। ਉਨ੍ਹਾਂ ਕੋਲ ਕੇਵਲ ਇੱਕ ਹੀ ਚਿਹਰਾ ਹੈ, ਜੋ ਗਿਣਤੀ ’ਚ ਵੀ ਨਹੀਂ ਹੈ। ਕੀ ਭਾਜਪਾ ਇੱਕ ਚਿਹਰਾ ਪੇਸ਼ ਕਰਨ ਜਾ ਰਹੀ ਹੈ? ਠਾਕਰੇ ਨੇ ਕਿਹਾਮੋਦੀ ਨੇ ਸਵੀਕਾਰ ਕਰ ਲਿਆ ਹੈ ਕਿ ‘ਇੰਡੀਆ’ ਗਠਜੋੜ ਸਰਕਾਰ ਬਣਾਉਣ ਜਾ ਰਿਹਾ ਹੈ।





