ਨਵੀਂ ਦਿੱਲੀ : ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਵਿਚਾਲੇ ਕਥਿਤ ਝੜਪਾਂ ਦੇ ਮੱਦੇਨਜ਼ਰ ਭਾਰਤ ਨੇ ਸ਼ਨੀਵਾਰ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।ਮੱਧ ਏਸ਼ੀਆਈ ਦੇਸ਼ ’ਚ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੰਪਰਕ ’ਚ ਹੈ ਅਤੇ ਸਥਿਤੀ ਹੁਣ ਸ਼ਾਂਤ ਹੈ। ਮਿਸ਼ਨ ਨੇ ਸ਼ਹਿਰ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਦੂਤਘਰ ਨਾਲ ਨਿਯਮਤ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।ਕਿਰਗਿਜ਼ਸਤਾਨ ਦੀ ਰਾਜਧਾਨੀ ਦੇ ਇੱਕ ਹਿੱਸੇ ’ਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਵਿਚਕਾਰ ਕਥਿਤ ਝੜਪ ਕਾਰਨ ਹਾਲਾਤ ਤਣਾਅਪੂਰਨ ਹੋ ਗਏ ਹਨ।ਇਹ ਘਟਨਾ ਕਿਰਗਿਜ਼ਸਤਾਨ ’ਚ ਦੱਖਣੀ ਏਸ਼ੀਆ ਤੋਂ ਬਹੁਤ ਸਾਰੇ ਪਰਵਾਸੀਆਂ ਦੀ ਮੌਜੂਦਗੀ ਕਾਰਨ ਹੈ।ਕਿਰਗਿਜ਼ਸਤਾਨ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 15,000 ਦੇ ਕਰੀਬ ਹੈ। ਚੀਨ, ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ ਨਾਲ ਬਾਰਡਰ ਸਾਂਝਾ ਕਰਨ ਵਾਲਾ ਕਿਰਗਿਜ਼ਸਤਾਨ ਮੈਡੀਕਲ ਦੀ ਪੜ੍ਹਾਈ ਲਈ ਪਸੰਦੀਦਾ ਜਗ੍ਹਾ ਹੈ। ਇੱਥੇ ਕਰੀਬ 12 ਹਜ਼ਾਰ ਪਾਕਿਸਤਾਨੀ ਵਿਦਿਆਰਥੀ ਵੱਖ-ਵੱਖ ਕੋਰਸ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਨੇ ਵੀ ਇਸ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਸਲ ’ਚ 13 ਮਈ ਨੂੰ ਇੱਕ ਹੋਸਟਲ ’ਚ ਰਹਿਣ ਵਾਲੇ ਮਿਸਰ ਦੇ ਕੁਝ ਵਿਦਿਆਰਥੀਆਂ ਦਾ ਸਥਾਨਕ ਲੋਕਾਂ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਉਸ ਨਾਲ ਕੁੱਟਮਾਰ ਕੀਤੀ। ਸਥਾਨਕ ਲੋਕਾਂ ਨੇ ਇਸ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ’ਚ ਕੁਝ ਗਿ੍ਰਫ਼ਤਾਰ ਹੋਏ, ਪਰ ਅਸਲੀ ਲੋਕ ਨਹੀਂ ਫੜੇ ਗਏ। ਕੁਝ ਲੋਕਾਂ ਨੇ ਇਹ ਦੋਸ਼ ਲਾਇਆ ਕਿ ਝਗੜਾ ਕਰਨ ਵਾਲੇ ਪਾਕਿਸਤਾਨੀ ਸਨ, ਇਸ ਕਾਰਨ ਕਿਰਗਿਜ਼ਸਤਾਨ ਦੇ ਲੋਕਾਂ ਦਾ ਗੁੱਸਾ ਪਾਕਿਸਤਾਨੀ ਵਿਦਿਆਰਥੀਆਂ ’ਤੇ ਆ ਪਿਆ। ਇਸ ਘਟਨਾ ਤੋਂ ਬਾਅਦ ਸ਼ਨੀਵਾਰ ਰਾਤ ਪਾਕਿਸਤਾਨੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਨੂੰ ਕਮਰਿਆਂ ’ਚੋਂ ਕੱਢ ਕੇ ਕੁੱਟਮਾਰ ਅਤੇ ਲੜਕੀਆਂ ਨਾਲ ਬਦਸਲੂਕੀ ਕੀਤੀ ਗਈ।



