ਚੰਡੀਗੜ੍ਹ : ਹਰਿਆਣਾ ਦੇ ਨੂਹ ’ਚ ਸ਼ਨੀਵਾਰ ਤੜਕੇ ਇੱਕ ਬੱਸ ’ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਿ੍ਰਤਕਾਂ ’ਚ ਛੇ ਔਰਤਾਂ ਅਤੇ ਤਿੰਨ ਮਰਦ ਹਨ। ਇਹ ਘਟਨਾ ਸ਼ਨੀਵਾਰ ਤੜਕੇ 2.30 ਵਜੇ ਵਾਪਰੀ। ਜ਼ਿਆਦਾਤਰ ਯਾਤਰੀ ਧਾਰਮਕ ਯਾਤਰਾ ’ਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ’ਚ ਕੁਝ ਗੰਭੀਰ ਹਨ। ਪੁਲਸ ਅਨੁਸਾਰ ਬੱਸ ’ਚ ਕਰੀਬ 60 ਲੋਕ ਸਵਾਰ ਸਨ, ਜੋ ਉੱਤਰ ਪ੍ਰਦੇਸ਼ ਦੇ ਮਥੁਰਾ-ਵਰਿੰਦਾਵਨ ਤੋਂ ਚੰਡੀਗੜ੍ਹ ਆ ਰਹੇ ਸਨ। ਸਾਰੇ ਯਾਤਰੀ ਹੁਸ਼ਿਆਰਪੁਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਸਨ। ਬੱਸ ’ਚ ਸਵਾਰ ਇੱਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਣ ’ਤੇ ਉਸ ਨੇ ਬੱਸ ’ਚੋਂ ਛਾਲ ਮਾਰ ਕੇ ਖੁਦ ਨੂੰ ਬਚਾਅ ਲਿਆ। ਉਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਨੇ ਬੱਸ ਨੂੰ ਅੱਗ ਲੱਗੀ ਦੇਖੀ ਅਤੇ ਉਸ ਨੇ ਬੱਸ ਨੂੰ ਓਵਰਟੇਕ ਕਰਕੇ ਡਰਾਈਵਰ ਨੂੰ ਇਸ ਬਾਰੇ ਦੱਸਿਆ। ਮਹਿਲਾ ਨੇ ਦੱਸਿਆ ਕਿ ਮੈਂ ਅਗਲੀਆਂ ਸੀਟਾਂ ’ਤੇ ਬੈਠੀ ਸਾਂ, ਇਸ ਲਈ ਮੈਂ ਛਾਲ ਮਾਰ ਦਿੱਤੀ। ਕਈ ਯਾਤਰੀ ਉਸ ਦੇ ਰਿਸ਼ਤੇਦਾਰ ਸਨ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ 7-8 ਦਿਨ ਤੀਰਥ ਯਾਤਰਾ ’ਤੇ ਗਏ ਸਾਂ ਅਤੇ ਘਰ ਵਾਪਸ ਜਾ ਰਹੇ ਸਾਂ। ਜ਼ਖ਼ਮੀਆਂ ਨੂੰ ਨੂਹ ਦੇ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਪੁਲਸ ਦੀ ਟੀਮ ਨਾਲ ਇੱਕ ਘੰਟੇ ਅੰਦਰ ਅੱਗ ’ਤੇ ਕਾਬੂ ਪਾਇਆ ਗਿਆ।


