ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਤੋਂ ਬਾਅਦ ਗੁੰਮ ਦੱਸੇ ਜਾ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਾਪਸ ਦਿੱਲੀ ਆ ਗਏ ਹਨ। ਵਾਪਸ ਆਉਂਦੇ ਹੀ ਉਨ੍ਹਾ ਸ਼ਨੀਵਾਰ ਮੁੱਖ ਮੰਤਰੀ ਨਿਵਾਸ ਪਹੁੰਚ ਕੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਰਾਘਵ ਲੰਮੇ ਸਮੇਂ ਤੋਂ ਵਿਦੇਸ਼ ’ਚ ਸਨ, ਜਿੱਥੇ ਉਨ੍ਹਾ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਸੀ। ਸੌਰਭ ਭਾਰਦਵਾਜ ਨੇ ਉਨ੍ਹਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਘਵ ਚੱਢਾ ਦੀਆਂ ਅੱਖਾਂ ’ਚ ਕੁਝ ਸਮੱਸਿਆ ਹੋ ਗਈ ਸੀ। ਇਹ ਸਮੱਸਿਆ ਏਨੀ ਗੰਭੀਰ ਸੀ ਕਿ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਸੀ। ਉਨ੍ਹਾ ਦਾ ਯੂ ਕੇ ’ਚ ਇਲਾਜ ਚੱਲ ਰਿਹਾ ਸੀ। ਹੁਣ ਚੱਢਾ ਯੂ ਕੇ ਤੋਂ ਵਾਪਸ ਆ ਗਏ ਹਨ ਅਤੇ ਆਉਂਦੇ ਹੀ ਉਨ੍ਹਾ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾ ਇਸ ਸਮੇਂ ਮੁਲਾਕਾਤ ਕੀਤੀ ਹੈ, ਜਦ ਸਵਾਤੀ ਮਾਲੀਵਾਲ ਦੇ ਕਥਿਤ ਦੋਸ਼ਾਂ ’ਚ ਸਿਆਸਤ ਗਰਮਾਈ ਹੋਈ ਹੈ। ਇੱਕ ਪਾਸੇ ਸਵਾਤੀ ਨੇ ਕੇਜਰੀਵਾਲ ਦੇ ਪੀ ਏ ਬਿਭਵ ਕੁਮਾਰ ’ਤੇ ਦੋਸ਼ ਲਾਏ ਹਨ ਤਾਂ ਉਥੇ ‘ਆਪ’ ਵੀ ਵੱਖ-ਵੱਖ ਵੀਡੀਓ ਸਾਹਮਣੇ ਲਿਆ ਕੇ ਉਸ ਦੇ ਦੋਸ਼ਾਂ ਨੂੰ ਗਲਤ ਦੱਸ ਰਹੀ ਹੈ।





