ਨਵੀਂ ਦਿੱਲੀ : ਦਿੱਲੀ ਦੀ ਮੰਤਰੀ ਆਤਿਸ਼ੀ ਨੇ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ’ਚ ਪੁਲਸ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਲੈ ਕੇ ਦਿੱਲੀ ਪੁਲਸ ਤੱਕ ਉਨ੍ਹਾਂ (ਭਾਜਪਾ) ਦੀ ਪੂਰੀ ਮਸ਼ੀਨਰੀ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਇਸ ਦਾ ਸਬੂਤ ਕੱਲ੍ਹ ਤੀਸ ਹਜ਼ਾਰੀ ਅਦਾਲਤ ਦੇ ਸਾਹਮਣੇ ਆ ਗਿਆ। ਉਨ੍ਹਾ ਦੋਸ਼ ਲਾਇਆ ਕਿ ਸਵਾਤੀ ਪਿਛਲੇ ਕਈ ਮਹੀਨਿਆਂ ਤੋਂ ਭਾਜਪਾ ਦੇ ਸੰਪਰਕ ’ਚ ਸੀ।ਬਿਭਵ ਕੁਮਾਰ ਨੇ ਤੀਸ ਹਜ਼ਾਰੀ ਅਦਾਲਤ ’ਚ ਕੇਸ ਦਾਇਰ ਕੀਤਾ ਅਤੇ ਕਿਹਾ ਕਿ ਐੱਫ ਆਈ ਆਰ ਦੀ ਇੱਕ ਕਾਪੀ ਉਸ ਨੂੰ ਅਧਿਕਾਰਤ ਤੌਰ ’ਤੇ ਉਪਲੱਬਧ ਕਰਵਾਈ ਜਾਵੇ, ਪਰ ਸ਼ਨੀਵਾਰ ਸਵੇਰੇ ਤੱਕ ਦਿੱਲੀ ਪੁਲਸ ਨੇ ਅਦਾਲਤ ’ਚ ਜਵਾਬ ਦਿੱਤਾ ਕਿ ਇਹ ਐੱਫ ਆਈ ਆਰ ਬਹੁਤ ਸੰਵੇਦਨਸ਼ੀਲ ਹੈ, ਇਸ ਲਈ ਅਸੀਂ ਮੁਲਜ਼ਮ ਨੂੰ ਨਹੀਂ ਦੇ ਸਕਦੇ।ਉਨ੍ਹਾਂ ਕਿਹਾ ਕਿ ਜੋ ਐੱਫ ਆਈ ਆਰ ਪਿਛਲੇ ਦੋ ਦਿਨਾਂ ਤੋਂ ਹਰ ਮੀਡੀਆ ਵਾਲੇ ਦੇ ਹੱਥਾਂ ’ਚ ਹੈ, ਉਹ ਹਰ ਟੀ ਵੀ ਚੈਨਲ ਨੂੰ ਭੇਜੀ ਗਈ ਹੈ।ਸ਼ਨੀਵਾਰ ਭਾਜਪਾ ਦੀ ਪੁਲਸ ਕਹਿ ਰਹੀ ਹੈ ਕਿ ਅਸੀਂ ਇਹ ਐੱਫ ਆਈ ਆਰ ਅਦਾਲਤ ਅਤੇ ਮੁਲਜ਼ਮ ਨੂੰ ਨਹੀਂ ਦੇ ਸਕਦੇ, ਇਹ ਸਾਜ਼ਿਸ਼ ਸਿੱਧੇ ਗ੍ਰਹਿ ਮੰਤਰਾਲੇ ਤੋਂ ਚੱਲ ਰਹੀ ਹੈ।ਆਤਿਸ਼ੀ ਨੇ ਕਿਹਾ ਕਿ ਸਵਾਤੀ ਭਾਜਪਾ ਦੇ ਸੰਪਰਕ ’ਚ ਹੈ ਅਤੇ ਇਹ ਸਾਰੀ ਸਾਜ਼ਿਸ਼ ਕੇਜਰੀਵਾਲ ’ਤੇ ਸਿਆਸੀ ਹਮਲਾ ਕਰਨ ਲਈ ਰਚੀ ਗਈ ਹੈ।ਉਨ੍ਹਾ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਰਚੀ ਗਈ ਇਸ ਸਿਆਸੀ ਸਾਜ਼ਿਸ਼ ਦੀ ਪੁਲਸ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।
ਆਤਿਸ਼ੀ ਨੇ ਦੱਸਿਆ ਕਿ ਭਿ੍ਰਸ਼ਟਾਚਾਰ ਰੋਕੂ ਬਿਊਰੋ ਨੇ ਭਰਤੀ ਮਾਮਲੇ ’ਚ ਸਵਾਤੀ ਮਾਲੀਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਇਸ ਨੂੰ ਸਵਾਤੀ ਮਾਲੀਵਾਲ ਵੱਲੋਂ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।ਆਤਿਸ਼ੀ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਵਾਤੀ ਮਾਲੀਵਾਲ ਨਾਲ ਕਿਸ ਨੇ ਗੱਲ ਕੀਤੀ।ਆਤਿਸ਼ੀ ਨੇ ਕਿਹਾ ਕਿ ਭਾਜਪਾ ਕੇਸ ਦਰਜ ਕਰ ਕੇ ਵਿਰੋਧੀ ਨੇਤਾਵਾਂ ’ਤੇ ਦਬਾਅ ਪਾਉਦੀ ਰਹਿੰਦੀ ਹੈ।ਇਹੀ ਫਾਰਮੂਲਾ ਸਵਾਤੀ ਮਾਲੀਵਾਲ ’ਤੇ ਵੀ ਵਰਤਿਆ ਗਿਆ ਹੈ।ਜੇਕਰ ਭਾਜਪਾ ਨੇ ਅਜਿਹੀਆਂ ਸਾਜ਼ਿਸ਼ਾਂ ਨਾ ਕੀਤੀਆਂ ਹੁੰਦੀਆਂ ਤਾਂ ਪ੍ਰਫੁੱਲ ਪਟੇਲ, ਛਗਨ ਭੁਜਬਲ, ਅਜੀਤ ਪਵਾਰ, ਹਿਮੰਤ ਬਿਸ਼ਵਾ ਸਰਮਾ ਉਹਨਾਂ ਦੀ ਪਾਰਟੀ ’ਚ ਨਾ ਆਉਦੇ।



