ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਚੋਣ ਪ੍ਰਚਾਰ ਥੰਮ੍ਹ ਗਿਆ ਹੈ। ਇਸ ਗੇੜ ’ਚ ਅੱਠ ਸੂਬਿਆਂ ਦੀਆਂ ਕੁੱਲ 49 ਸੀਟਾਂ ਲਈ ਵੋਟਿੰਗ ਹੋਵੇਗੀ। ਪੰਜਵੇਂ ਗੇੜ ਲਈ 20 ਮਈ ਨੂੰ ਵੋਟਿੰਗ ਹੋਵੇਗੀ। ਉਸ ਤੋਂ ਬਾਅਦ ਸਾਰੇ ਸਿਆਸੀ ਦਲ ਛੇਵੇਂ ਗੇੜ ਲਈ ਚੋਣ ਪ੍ਰਚਾਰ ’ਚ ਲੱਗ ਜਾਣਗੇ। ਛੇਵੇਂ ਗੇੜ ਲਈ ਵੋਟਿੰਗ 25 ਮਈ ਨੂੰ ਹੋਵੇਗੀ। ਪੰਜਵੇਂ ਗੇੜ ’ਚ ਰਾਹੁਲ ਗਾਂਧੀ, ਸਿਮਰਤੀ ਇਰਾਨੀ ਸਮੇਤ ਕਈ ਦਿੱਗਜ਼ਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪੰਜਵੇਂ ਗੇੜ ’ਚ 6 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਕੁੱਲ 695 ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ’ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਬਿਹਾਰ ਅਤੇ ਓਡੀਸ਼ਾ ਦੀਆਂ ਪੰਜ-ਪੰਜ, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਇੱਕ-ਇੱਕ ਸੀਟ ਲਈ ਵੋਟਾਂ ਪਾਈਆਂ ਜਾਣਗੀਆਂ।
ਪੰਜਵੇਂ ਗੇੜ ’ਚ ਉੱਤਰ ਪ੍ਰਦੇਸ਼ ਦੀ ਅਮੇਠੀ, ਰਾਏਬਰੇਲੀ, ਲਖਨਊ ਅਤੇ ਕੈਸਰਗੰਜ ਸੀਟ ’ਤੇ ਵੀ ਚੋਣ ਹੋਣੀ ਹੈ। ਅਮੇਠੀ ਸੀਟ ਤੋਂ ਇਰਾਨੀ ਚੋਣ ਲੜ ਰਹੀ ਹੈ। ਜਿੱਥੇ ਕਾਂਗਰਸ ਨੇ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤੀ ਹੈ, ਜਦਕਿ ਰਾਏਬਰੇਲੀ ਸੀਟ ਤੋਂ ਰਾਹੁਲ ਗਾਂਧੀ ਪਹਿਲੀ ਵਾਰ ਚੋਣ ਲੜ ਰਹੇ ਹਨ। ਉਥੇ ਹੀ ਲਖਨਊ ਤੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਚੋਣ ਮੈਦਾਨ ’ਚ ਹਨ। ਇਸੇ ਤਰ੍ਹਾਂ ਬਿਹਾਰ ’ਚ ਚਿਰਾਗ ਪਾਸਵਾਨ, ਰੋਹਿਨੀ ਅਚਾਰੀਆ, ਰਾਜਪ੍ਰਤਾਪ ਰੂੜੀ ਅਤੇ ਰਾਜ ਭੂਸ਼ਣ ਚੌਧਰੀ ਮੈਦਾਨ ’ਚ ਹੈ। ਚਿਰਾਗ ਪਾਸਵਾਨ ਹਾਜੀਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਹਨ ਤਾਂ ਉਥੇ ਸਾਰਨ ਤੋਂ ਰੋਹਿਣੀ ਅਚਾਰੀਆ ਰਾਜਦ ਅਤੇ ਰਾਜੀਵ ਪ੍ਰਤਾਪ ਰੂੜੀ ਭਾਜਪਾ ਦੀ ਟਿਕਟ ’ਤੇ ਆਹਮੋ-ਸਾਹਮਣੇ ਹਨ।
ਇਸੇ ਗੇੜ ’ਚ ਮੁੰਬਈ ਉੱਤਰੀ ਸੀਟ ’ਤੇ ਪਿਯੂਸ਼ ਗੋਇਲ ਭਾਜਪਾ ਦੀ ਟਿਕਟ ’ਤੇ ਚੋਣ ਮੈਦਾਨ ’ਚ ਹਨ। ਮੁੰਬਈ ਉੱਤਰ-ਪੱਛਮ ਸੀਟ ਤੋਂ ਸ਼ਿਵ ਸੈਨਾ ਦੀ ਟਿਕਟ ’ਤੇ ਰਵਿੰਦਰ ਦਤਰਾਮ ਵਾਇਕਰ ਚੋਣ ਲੜ ਰਹੇ ਹਨ, ਜਦਕਿ ਮੁੰਬਈ ਸਾਊਥ ਤੋਂ ਅਰਵਿੰਦ ਸਾਵੰਤ ਅਤੇ ਮੁੰਬਈ ਉੱਤਰ-ਮੱਧ ਸੀਟ ਤੋਂ ਉਜਵਲ ਨਿਕਮ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ।





