17.9 C
Jalandhar
Friday, November 22, 2024
spot_img

ਜਗਰਾਓਂ ਮਹਾਂ ਰੈਲੀ ’ਚ ਔਰਤਾਂ ਤੇ ਮਜ਼ਦੂਰ-ਮੁਲਾਜ਼ਮ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ

ਚੰਡੀਗੜ੍ਹ : 21 ਮਈ ਨੂੰ ਜਗਰਾਓਂ ਵਿਖੇ ਹੋਣ ਵਾਲੀ ਮਹਾਂ ਰੈਲੀ ਵਾਸਤੇ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ ਅਤੇ ਫੁਰਮਾਨ ਸਿੰਘ ਸੰਧੂ ’ਤੇ ਆਧਾਰਤ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਦੇ ਪ੍ਰਧਾਨਗੀ ਮੰਡਲ ਦੀ ਆਨਲਾਈਨ ਮੀਟਿੰਗ ਹੋਈ। ਪ੍ਰਧਾਨਗੀ ਮੰਡਲ ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਕਿ ‘ਭਾਜਪਾ ਦਾ ਪਰਦਾ ਫਾਸ਼ ਕਰੋ, ਵਿਰੋਧ ਕਰੋ ਅਤੇ ਸਜ਼ਾ ਦਿਓ’ ਦੇ ਨਾਅਰੇ ਹੇਠ ਜਗਰਾਓਂ ਦੀ ਦਾਣਾ ਮੰਡੀ ’ਚ ਹੋਣ ਵਾਲੀ ਮਹਾਂ ਰੈਲੀ ਇਕੱਠ ਪੱਖੋਂ ਰਿਕਾਰਡ ਤੋੜ ਹੋਵੇਗੀ।
ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਕਾਫੀ ਚਿਰ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ-ਵਿਰੋਧੀ ਅਤੇ ਕਾਰਪੋਰੇਟ ਪੱਖੀ ਹੈ। ਇਸ ਲਈ ਭਾਜਪਾ ਦਾ ਪਰਦਾ ਫਾਸ਼ ਕਰਨ, ਵਿਰੋਧ ਕਰਨ ਅਤੇ ਸਜ਼ਾ ਦੇਣ ਦਾ ਐਲਾਨ ਕੀਤਾ ਸੀ। ਸਮੇਂ ਨੇ ਇਸ ਸੱਚ ਦੀ ਹੋਰ ਪੁਸ਼ਟੀ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਜਿਸ ਤਰ੍ਹਾਂ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ’ਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਫੁੱਟ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਰੋਧੀਆਂ ਦੀ ਜ਼ੁਬਾਨਬੰਦੀ ਕੀਤੀ ਹੈ, ਉਸ ਨੇ ਇਸ ਨਾਅਰੇ ਦੀ ਸਾਰਥਿਕਤਾ ਨੂੰ ਹੋਰ ਬੁਲੰਦ ਕੀਤਾ ਹੈ।
ਇਸੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਨੂੰ 11 ਸਵਾਲ ਜਾਰੀ ਕੀਤੇ ਸਨ ਅਤੇ ਪੰਜਾਬ ਦੇ ਕੋਨੇ-ਕੋਨੇ ’ਚ ਭਾਜਪਾ ਵਿਰੋਧੀ ਪ੍ਰਦਰਸ਼ਨਾਂ ਦਾ ਹੜ੍ਹ ਆਇਆ ਹੋਇਆ ਹੈ। ਇਸੇ ਦੌਰਾਨ ਭਾਜਪਾ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਲੋਕਾਂ ਨਾਲ ਲੜਾ ਕੇ ਵੋਟਾਂ ਬਟੋਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪ੍ਰਧਾਨਗੀ ਮੰਡਲ ਨੇ ਉਚੇਚੇ ਤੌਰ ’ਤੇ ਹੰਸ ਰਾਜ ਹੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਿੰਸਕ ਭਾਸ਼ਾ ਵਰਤ ਕੇ ਮਜ਼ਦੂਰਾਂ ਨੂੰ ਕਿਸਾਨਾਂ ਖਿਲਾਫ ਭੜਕਾਉਣਾ ਚਾਹੁੰਦਾ ਹੈ। ਲੋਕਾਂ ਨੂੰ ਧਰਮ, ਜਾਤ ਅਤੇ ਖਿੱਤੇ ਦੇ ਆਧਾਰ ’ਤੇ ਲੜਾ ਕੇ ਵੋਟਾਂ ਲੈਣ ਵਾਲੀ ਨੀਤੀ ਨੂੰ ਭਾਜਪਾ ਪੰਜਾਬ ’ਚ ਵੀ ਲਾਗੂ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਸਮਾਜ ’ਚ ਵੰਡੀਆਂ ਪਾਉਣ ਦੀ ਸਖਤ ਨਿਖੇਧੀ ਕਰਦਾ ਹੈ ਅਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਜਪਾ ਦੀਆਂ ਪੰਜਾਬੀ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣ। ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਕਿ ਉਹ ਹੰਸ ਰਾਜ ਹੰਸ ਦੇ ਬਿਆਨਾਂ ਦਾ ਨੋਟਿਸ ਲੈਂਦੇ ਹੋਏ ਉਸ ਖਿਲਾਫ ਸਖਤ ਕਾਰਵਾਈ ਕਰੇ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਪੁਰਾਣੇ ਕੇਸਾਂ ’ਚ ਗਿ੍ਰਫਤਾਰ ਕਰਕੇ ਜੇਲ੍ਹ ਭੇਜਣ ਦੀ ਸਖਤ ਨਿਖੇਧੀ ਕਰਦਿਆਂ ਉਸ ਨੂੰ ਜੇਲ੍ਹ ਵਿੱਚੋਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਚਾਉਣ ਲਈ ਹੀ ਗਿ੍ਰਫਤਾਰੀਆਂ ਕਰ ਰਹੀ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ।
ਮਹਾਂ ਰੈਲੀ ਵਾਸਤੇ ਬਣੀ ਸੰਚਾਲਨ ਕਮੇਟੀ ਦੀ ਐਤਵਾਰ ਹੀ ਆਨਲਾਈਨ ਮੀਟਿੰਗ ਹੋਈ, ਜਿਸ ਨੂੰ ਰਮਿੰਦਰ ਸਿੰਘ ਪਟਿਆਲਾ ਨੇ ਚਲਾਇਆ। ਮੀਟਿੰਗ ’ਚ ਜਗਮੋਹਣ ਸਿੰਘ ਪਟਿਆਲਾ, ਹਰਿੰਦਰ ਸਿੰਘ ਲੱਖੋਵਾਲ, ਅੰਗਰੇਜ਼ ਸਿੰਘ ਭਦੌੜ, ਗੁਰਨਾਮ ਸਿੰਘ ਭੀਖੀ, ਦਵਿੰਦਰ ਸਿੰਘ, ਗੁਰਮੀਤ ਸਿੰਘ ਮਹਿਮਾ, ਮੁਕੇਸ਼ ਚੰਦਰ, ਫੁਰਮਾਨ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਗੁਰਵਿੰਦਰ ਸਿੰਘ ਢਿੱਲੋਂ, ਹਰਦੇਵ ਸਿੰਘ ਸੰਧੂ ਅਤੇ ਕੰਵਰ ਸਰਤਾਜ ਸਿੰਘ ਸ਼ਾਮਲ ਹੋਏ। ਮੀਟਿੰਗ ’ਚ 21 ਮਈ ਨੂੰ ਸਟੇਜ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਹੋਇਆ। ਮਹਾਂ ਰੈਲੀ ’ਚ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ। ਕੁਲ ਮਿਲਾ ਕੇ 40 ਤੋਂ ਉੱਪਰ ਬੁਲਾਰੇ ਹੋਣਗੇ।
ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ’ਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੇ ਇੱਕ-ਇੱਕ ਸੀਨੀਅਰ ਆਗੂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਦਿੱਤਾ ਜਾਵੇਗਾ ਅਤੇ ਹਰ ਜਥੇਬੰਦੀ ਦਾ ਇੱਕ ਆਗੂ ਪ੍ਰਧਾਨਗੀ ਮੰਡਲ ’ਚ ਸ਼ਾਮਲ ਹੋਵੇਗਾ। ਸੰਚਾਲਨ ਕਮੇਟੀ ਨੌਂ ਵਜੇ ਜਗਰਾਓਂ ਪਹੁੰਚ ਕੇ ਪ੍ਰਬੰਧ ਸੰਭਾਲ ਲਵੇਗੀ ਅਤੇ ਸਟੇਜ ਦੀ ਕਾਰਵਾਈ ਦਸ ਵਜੇ ਸ਼ੁਰੂ ਕਰ ਦਿੱਤੀ ਜਾਵੇਗੀ। ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਬਣਦਾ ਸਨਮਾਨ ਦੇਣ ਦਾ ਵੀ ਫੈਸਲਾ ਕੀਤਾ ਗਿਆ। ਪ੍ਰੈੱਸ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਵਾਸਤੇ ਕੁਰਸੀਆਂ ਤੇ ਪਾਣੀ ਵਗੈਰਾ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮਹਾਂ ਰੈਲੀ ’ਚ ਔਰਤਾਂ ਵੀ ਕਾਫੀ ਵੱਡੀ ਗਿਣਤੀ ’ਚ ਸ਼ਾਮਲ ਹੋਣਗੀਆਂ। ਇਸ ਲਈ ਉਨ੍ਹਾਂ ਵਾਸਤੇ ਸਟੇਜ ਦੇ ਸਾਹਮਣੇ ਜਗ੍ਹਾ ਉਪਲੱਬਧ ਕਰਵਾਈ ਜਾਵੇਗੀ। ਮੀਟਿੰਗ ’ਚ ਵੀ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਦੀ ਮੰਗ ਕਰਦਿਆਂ ਹੰਸ ਰਾਜ ਹੰਸ ਦੇ ਫੁੱਟਪਾਊ ਬਿਆਨਾਂ ਦੀ ਨਿਖੇਧੀ ਕੀਤੀ ਗਈ। ਪ੍ਰਬੰਧਕ ਕਮੇਟੀ ਦੀ ਵੀ 20 ਮਈ ਨੂੰ ਜਗਰਾਓਂ ਵਿਖੇ ਮੀਟਿੰਗ ਹੋਵੇਗੀ, ਜਿਸ ’ਚ ਟੈਂਟ, ਸਪੀਕਰ, ਦਰੀਆਂ ਅਤੇ ਚਾਹ-ਪਾਣੀ ਸਮੇਤ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਕੇ ਅੰਤਮ ਰੂਪ ਦਿੱਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles