ਮਲੋਟ, (ਗੁਰਮੀਤ ਸਿੰਘ ਮੱਕੜ):-ਪਿਛਲੇ ਦਿਨੀਂ ਹੋਈ ਬਾਰਸ਼ ਨੇ ਜਿੱਥੇ ਬਲਾਕ ਲੰਬੀ ਦੇ ਕਈ ਪਿੰਡਾਂ ਦੀ ਫਸਲਾਂ ਦਾ ਨੁਕਸਾਨ ਕੀਤਾ ਹੈ, ਉੱਥੇ ਬਚੀਆਂ ਨਰਮੇ ਦੀਆਂ ਫਸਲਾਂ ‘ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ | ਇਸ ਤੋਂ ਦੁੱਖੀ ਕਿਸਾਨ ਆਪਣੀ ਖੜ੍ਹੀ ਨਰਮੇ ਦੀ ਫਸਲ ਵਿਚ ਟਰੈਕਟਰ ਚਲਾਉਣ ਲਈ ਮਜ਼ਬੂਰ ਹਨ | ਇਸ ਦੇ ਚੱਲਦੇ ਹਲਕੇ ਦੇ ਪਿੰਡ ਅਬੁੱਲਖੁਰਾਣਾ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ 60 ਏਕੜ ਦੇ ਕਰੀਬ ਨਰਮੇ ਦੀ ਖੜ੍ਹੀ ਫਸਲ ਨੂੰ ਵਾਹ ਦਿੱਤਾ ਹੈ | ਪੀੜ੍ਹਤ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੀ ਫਸਲ ਬਾਰਸ਼ ਤੋਂ ਤਾਂ ਬਚ ਗਈ, ਪ੍ਰੰਤੂ ਨਰਮੇ ‘ਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਨਾਲ ਨਰਮੇ ਨੂੰ ਲੱਗਣ ਵਾਲੀ ਫੁੱਲ ਬੂਟੀ ਝੜਨ ਲੱਗੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਤਰ੍ਹਾਂ ਦੀਆਂ ਸਪਰੇਆਂ ਕਰ ਕੇ ਦੇਖ ਲਈਆਂ, ਪ੍ਰੰਤੂ ਕੋਈ ਫਾਇਦਾ ਨਹੀਂ ਹੋਇਆ, ਆਖਰ ਮਜ਼ਬੂਰਨ ਉਨ੍ਹਾਂ ਨੂੰ ਨਰਮੇ ਨੂੰ ਵਾਹੁਣਾ ਪਿਆ ਅਤੇ ਹੁਣ ਕਿਸੇ ਤੋਂ ਝੋਨੇ ਦੀ ਪਨੀਰੀ ਮੁੱਲ ਲੈ ਕੇ ਲਗਾਉਣ ਦੀ ਗੱਲ ਕਹਿ ਰਹੇ ਹਨ | ਪੁੱਛੇ ਜਾਣ ‘ਤੇ ਕਿ ਕਿਸੇ ਖੇਤੀਬਾੜੀ ਵਿਭਾਗ ਨੇ ਕੋਈ ਸਾਰ ਨਹੀਂ ਲਈ ਜਾਂ ਨਰਮੇ ਦੀ ਜਾਂਚ ਕਰਨ ਨਹੀਂ ਆਇਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕਿਸੇ ਵੀ ਵਿਭਾਗ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਬਹੁਤੇ ਏਰੀਏ ਵਿਚ ਚਿੱਟੇ ਮੱਛਰ ਨਾਲ ਅਤੇ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਦੇ ਡਰ ਮਾਰੇ ਕੁੱਝ ਦਿਨਾਂ ਵਿਚ ਹੋਰ ਵੀ ਕਿਸਾਨ ਆਪਣਾ ਨਰਮਾ ਵਾਹ ਸਕਦੇ ਹਨ | ਜਦੋਂ ਜਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਾਲ ਇਸ ਸੰਬੰਧੀ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਸ ਪਿੰਡ ਨਾਲ ਸੰਬੰਧਤ ਅਧਿਕਾਰੀ ਨਾਲ ਸੰਪਰਕ ਕਰੋ | ਦੂਸਰੇ ਪਾਸੇ ਇਸ ਪਿੰਡ ਨਾਲ ਸਬੰਧਤ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਿੱਟੇ ਮੱਛਰ ਦਾ ਪ੍ਰਕੋਪ ਜਿਆਦਾ ਮੂੰਗੀ ਦੀ ਫਸਲ ਦੀ ਬਿਜਾਈ ਕਾਰਨ ਹੈ, ਪ੍ਰੰਤੂ ਗੁਲਾਬੀ ਸੁੰਡੀ ਦੇ ਹਮਲੇ ਤੋਂ ਵਿਭਾਗ ਅਣਜਾਣ ਹੈ |