ਜੰਮੂ : ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਅਤੇ ਪੰਜਾਬ ਸਥਿਤ ਗੈਂਗਸਟਰਾਂ ਵਿਚਕਾਰ ਗਠਜੋੜ ਬੇਨਕਾਬ ਹੋਇਆ ਹੈ | ਜੰਮੂ-ਕਸ਼ਮੀਰ ਦੀ ਰਾਜ ਜਾਂਚ ਏਜੰਸੀ (ਐੱਸ ਆਈ ਏ) ਨੇ ਦਹਿਸ਼ਤਗਰਦਾਂ ਨੂੰ ਫੰਡਿੰਗ ਮਾਮਲੇ ਵਿਚ ਜਿਨ੍ਹਾਂ ਪੰਜ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ, ਉਸ ਵਿਚ ਇਸ ਗੰਢਤੱੁਪ ਦਾ ਖੁਲਾਸਾ ਕੀਤਾ ਗਿਆ ਹੈ | ਕਸ਼ਮੀਰ ਜਾਣ ਵਾਲੇ ਵਾਹਨ ਤੋਂ 43 ਲੱਖ ਰੁਪਏ ਦੀ ਬਰਾਮਦਗੀ ਤੋਂ ਬਾਅਦ ਇਹ ਕੇਸ ਪਿਛਲੇ ਸਾਲ ਨਵੰਬਰ ‘ਚ ਦਰਜ ਕੀਤਾ ਗਿਆ ਸੀ | ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀ ਏ), ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹੋਰ ਮੁਲਜ਼ਮਾਂ ਸਣੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਕਮਾਂਡਰ ਅਤੇ ਪੰਜਾਬ ਦੇ ਤਿੰਨ ਗੈਂਗਸਟਰਾਂ ਵਿਰੁੱਧ ਮੰਗਲਵਾਰ ਨੂੰ ਜੰਮੂ ਦੀ ਵਿਸ਼ੇਸ਼ ਐੱਨ ਆਈ ਏ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ | ਐੱਸ ਆਈ ਏ ਦੇ ਅਧਿਕਾਰੀ ਨੇ ਕਿਹਾ ਕਿ ਜਨਵਰੀ ‘ਚ ਜਾਂਚ ਸੰਭਾਲਣ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ‘ਚ ਐੱਸ ਆਈ ਏ ਵੱਲੋਂ ਦਹਿਸ਼ਤਗਰਦਾਂ ਨੂੰ ਫੰਡਿੰਗ ਮਾਮਲੇ ‘ਚ ਦਾਇਰ ਕੀਤੀ ਗਈ ਇਹ ਦੂਜੀ ਚਾਰਜਸ਼ੀਟ ਹੈ | ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਨ੍ਹਾਂ ਵਿਚ ਜੈਸ਼ ਕਮਾਂਡਰ ਆਸ਼ਿਕ ਨੇਂਗਰੂ ਉਰਫ ਆਸ਼ਿਕ ਮੌਲਵੀ ਸ਼ਾਮਲ ਹੈ, ਜੋ ਸਰਹੱਦ ਪਾਰ ਤੋਂ ਕੰਮ ਕਰ ਰਿਹਾ ਹੈ | ਚਾਰ ਹੋਰ ਚਾਰਜਸ਼ੀਟ ਕੀਤੇ ਗਏ ਮੁਲਜ਼ਮਾਂ ਵਿਚ ਪੁਲਵਾਮਾ ਦਾ ਮੁਜੱਮਿਲ ਅਹਿਮਦ ਮਲਿਕ ਅਤੇ ਰਵੀ ਕੁਮਾਰ ਉਰਫ ਨੋਨਾ, ਜੈਦੀਪ ਧਵਨ ਉਰਫ ਦੀਪ ਅਤੇ ਅਮਰਬੀਰ ਸਿੰਘ ਉਰਫ ਗੋਪੀ ਮਾਹਲ (ਸਾਰੇ ਪੰਜਾਬ ਦੇ ਵਸਨੀਕ) ਹਨ | ਇਹ ਮਾਮਲਾ 16 ਨਵੰਬਰ 2021 ਨੂੰ ਜੰਮੂ ਪੁਲਸ ਵੱਲੋਂ ਸਿੱਧਰਾ ਪੁਲ ‘ਤੇ ਟੈਕਸੀ ‘ਚ ਸਵਾਰ ਤਿੰਨ ਵਿਅਕਤੀਆਂ ਕੋਲੋਂ 43 ਲੱਖ ਰੁਪਏ ਜ਼ਬਤ ਕਰਨ ਨਾਲ ਸੰਬੰਧਤ ਹੈ | ਅਸਲ ਚਾਰਜਸ਼ੀਟ 14 ਮਈ ਨੂੰ ਦੋ ਮੁਲਜ਼ਮਾਂ ਮੌਜਮ ਪਰਵੇਜ਼ ਅਤੇ ਉਮਰ ਫਾਰੂਕ ਵਿਰੁੱਧ ਦਾਇਰ ਕੀਤੀ ਗਈ ਸੀ | ਇਨ੍ਹਾਂ ਨੇ ਅੰਮਿ੍ਤਸਰ ਤੋਂ ਨਕਦੀ ਇਕੱਠੀ ਕੀਤੀ ਸੀ |