ਲੰਡਨ : ਜਦੋਂ ਕਿ ਕੋਰੋਨਾ ਦੀ ਝੰਬੀ ਹਵਾਬਾਜ਼ੀ ਸਨਅਤ ਕੋਰੋਨਾ ਅਜੇ ਤੱਕ ਪੂਰੀ ਤਰ੍ਹਾਂ ਤਾਬੇ ਨਹੀਂ ਆਈ, ਕੇਰਲਾ ਦਾ ਅਸ਼ੋਕ ਅਲੀਸੇਰਿਲ ਥਮਾਰੱਕਸ਼ਨ ਘਰੇ ਬਣਾਏ ਜਹਾਜ਼ ਨਾਲ ਟੱਬਰ ਸਣੇ ਯੂਰਪ ਦੀ ਸੈਰ ਕਰ ਰਿਹਾ ਹੈ | ਲੰਡਨ ਵਿਚ ਰਹਿੰਦੇ ਕੇਰਲਾ ਦੇ ਅਲਾਪੁਜ਼ਾ ਦੇ 38 ਸਾਲਾ ਅਸ਼ੋਕ ਨੇ ਚਾਰ ਸੀਟਾਂ ਵਾਲਾ ਇਹ ਜਹਾਜ਼ ਕੋਵਿਡ ਲਾਕਡਾਊਨ ਵੇਲੇ ਕਰੀਬ ਡੇਢ ਸਾਲ ਵਿਚ ਬਣਾਇਆ ਸੀ | ਇਸ ਦਾ ਨਾਂਅ ਉਸ ਨੇ ਧੀ ਦੀਆ ਦੇ ਨਾਂਅ ‘ਤੇ ‘ਜੀ-ਦੀਆ’ ਰੱਖਿਆ ਹੈ | ਸਾਬਕਾ ਵਿਧਾਇਕ ਏ ਵੀ ਥਮਾਰੱਕਸ਼ਨ ਦਾ ਬੇਟਾ ਅਸ਼ੋਕ 2006 ਵਿਚ ਮਾਸਟਰ ਡਿਗਰੀ ਕਰਨ ਲਈ 2006 ਵਿਚ ਯੂ ਕੇ ਆਇਆ ਸੀ ਤੇ ਇਸ ਵੇਲੇ ਫੋਰਡ ਮੋਟਰ ਕੰਪਨੀ ਵਿਚ ਕੰਮ ਕਰਦਾ ਹੈ | ਉਸ ਕੋਲ ਪਾਇਲਟ ਦਾ ਲਸੰਸ ਹੈ ਤੇ ਉਹ ਟੱਬਰ ਨਾਲ ਜਰਮਨੀ, ਆਸਟਰੀਆ ਤੇ ਚੈੱਕ ਗਣਰਾਜ ਦਾ ਗੇੜਾ ਲਾ ਚੁੱਕਾ ਹੈ | ਉਸ ਨੇ ਦੱਸਿਆ-2018 ਵਿਚ ਪਾਇਲਟ ਦਾ ਲਸੰਸ ਲੈਣ ਤੋਂ ਬਾਅਦ ਉਹ ਘੁੰਮਣ-ਫਿਰਨ ਲਈ ਦੋ ਸੀਟਾਂ ਵਾਲਾ ਜਹਾਜ਼ ਕਿਰਾਏ ‘ਤੇ ਲੈਂਦਾ ਸੀ | ਹੁਣ ਸੁੱਖ ਨਾਲ ਪਤਨੀ ਤੇ ਦੋ ਧੀਆਂ ਨਾਲ ਟੱਬਰ ਵਧ ਗਿਆ ਹੈ ਤੇ ਚਾਰ ਸੀਟਾਂ ਵਾਲੇ ਜਹਾਜ਼ ਦੀ ਲੋੜ ਪੈਂਦੀ ਹੈ | ਚਾਰ ਸੀਟਾਂ ਵਾਲੇ ਜਹਾਜ਼ ਕਿਤੇ-ਕਿਤੇ ਮਿਲਦੇ ਹਨ ਤੇ ਉਹ ਵੀ ਬਹੁਤ ਪੁਰਾਣੇ | ਲਾਕਡਾਊਨ ਦੌਰਾਨ ਮੈਂ ਚਾਰ ਸੀਟਾਂ ਵਾਲਾ ਜਹਾਜ਼ ਬਣਾਉਣ ਦੀ ਸੋਚੀ | ਇਹ ਪਤਾ ਲੱਗਣ ‘ਤੇ ਕਿ ਜੋਹਾਨਸਬਰਗ ਦੀ ਕੰਪਨੀ ਸਲਿੰਗ ਏਅਰਕਰਾਫਟ ਨਵਾਂ ਜਹਾਜ਼ ਸਲਿੰਗ ਟੀ ਐੱਸ ਆਈ ਲਾਂਚ ਕਰ ਰਹੀ ਹੈ, ਮੈਂ ਫੈਕਟਰੀ ਦਾ ਦੌਰਾ ਕੀਤਾ ਤੇ ਆਪਣਾ ਜਹਾਜ਼ ਬਣਾਉਣ ਲਈ ਕਿਟ ਦਾ ਆਰਡਰ ਦਿੱਤਾ | ਲਾਕਡਾਊਨ ਵੇਲੇ ਟਾਈਮ ਖੁੱਲ੍ਹਾ ਸੀ ਤੇ ਬਚਾਏ ਪੈਸਿਆਂ ਨਾਲ ਉਸ ਨੇ ਜਹਾਜ਼ ਬਣਾਉਣਾ ਸ਼ੁਰੂ ਕਰ ਦਿੱਤਾ | ਕੁਲ ਲਾਗਤ ਇਕ ਕਰੋੜ 80 ਲੱਖ ਰੁਪਏ ਆਈ |