ਫਾਜ਼ਿਲਕਾ, (ਪਰਮਜੀਤ ਢਾਬਾਂ)-ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਕੌਂਸਲ ਫਾਜ਼ਿਲਕਾ ਦੀ ਇੱਕ ਮੀਟਿੰਗ ਦਰਸ਼ਨ ਲਾਧੂਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਵਿਸ਼ੇਸ਼ ਤੌਰ ‘ਤੇ ਪਹੁੰਚੇ | ਮੀਟਿੰਗ ‘ਚ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ ਵੱਲੋਂ ਪੇਸ਼ ਕੀਤੇ ਵੱਖ-ਵੱਖ ਏਜੰਡਿਆਂ ‘ਤੇ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਤੇ ਸਾਬਕਾ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਦੇਸ਼ ਦੀ ਸੱਤਾ ਜਦੋਂ ਦੀ ਭਾਜਪਾ ਹੱਥ ਆਈ ਹੈ, ਉਸ ਸਮੇਂ ਤੋਂ ਲੈ ਕੇ ਦੇਸ਼ ਦਾ ਹਰ ਵਰਗ ਗ਼ਰੀਬੀ, ਭੁੱਖਮਰੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਨਪੀੜਿਆ ਗਿਆ ਹੈ | ਉਨ੍ਹਾ ਕਿਹਾ ਕਿ ਦੇਸ਼ ਦੇ ਹਾਕਮ ਲੋਕ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਲੋਕ ਵਿਰੋਧੀ ਕਾਨੂੰਨ ਬਣਾ ਰਹੇ ਹਨ | ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਆਵਾਜ ਚੁੱਕਣ ਵਾਲਿਆਂ ‘ਤੇ ਝੂਠੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਦਾ ਇਹ ਇਕ ਬਹੁਤ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਹਨ ਅਤੇ ਜ਼ੁਲਮ ਖ਼ਿਲਾਫ਼ ਟੱਕਰ ਲੈਣ ਲਈ ਲੋਕ ਅੱਗੇ ਆਏ ਹਨ | ਇਸ ਸਰਕਾਰ ਦੇ ਦਿਨ ਪੁੱਗ ਗਏ ਹਨ ਅਤੇ ਲੋਕ ਹੁਣ ਭਾਜਪਾ ਨੂੰ ਸਬਕ ਸਿਖਾਉਣ ਲਈ ਇਕੱਠੇ ਹੋ ਰਹੇ ਹਨ | ਉਨ੍ਹਾ ਕਿਹਾ ਕਿ ਦੇਸ਼ ਪੱਧਰ ‘ਤੇ ਭਾਜਪਾ ਖਿਲਾਫ ਜਿੰਨੀਆਂ ਵੀ ਰਾਜਸੀ ਤਾਕਤਾਂ ਹਨ, ਉਨ੍ਹਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ |
ਸ੍ਰੀ ਅਰਸ਼ੀ ਨੇ ਕਿਹਾ ਕਿ ਦੇਸ਼ ਜੁਮਲੇਬਾਜ਼ੀ ਨਾਲ ਕੁਝ ਸਮੇਂ ਲਈ ਚੱਲ ਸਕਦਾ ਹੈ, ਪਰੰਤੂ ਹੁਣ ਲੋਕ ਆਪਣੇ ਖੁਸੇ ਰੁਜ਼ਗਾਰ, ਵਿੱਦਿਆ ਅਤੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣਗੇ | ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸਰਾਜ ਗੋਲਡਨ ਨੇ ਕਿਹਾ ਕਿ ਇਸ ਮੀਟਿੰਗ ਵਿਚ ਅਹਿਮ ਫੈਸਲੇ ਕੀਤੇ ਗਏ | ਸੂਬਾਈ ਕਾਨਫਰੰਸ ਤੋਂ ਪਹਿਲਾਂ ਬਰਾਂਚਾਂ, ਬਲਾਕ ਅਤੇ ਜ਼ਿਲ੍ਹੇ ਦੀ ਕਾਨਫ਼ਰੰਸ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਕਾਨਫ਼ਰੰਸ ਵਿੱਚ ਸੂਬਾਈ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਹੋਵੇਗੀ |
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦੀਵਾਨ ਸਿੰਘ, ਸੁਰਿੰਦਰ ਢੰਡੀਆਂ, ਵਜ਼ੀਰ ਚੰਦ, ਰਿਸ਼ੀਪਾਲ, ਛਿੰਦਰ ਮਹਾਲਮ, ਬਲਵੰਤ ਚੌਹਾਨਾ, ਜੰਮੂ ਰਾਮ, ਕਿ੍ਸ਼ਨ ਧਰਮੂਵਾਲਾ, ਪਰਮਜੀਤ ਢਾਬਾਂ, ਹਰਭਜਨ ਛੱਪੜੀਵਾਲਾ, ਸੁਬੇਗ ਝੰਗੜਭੈਣੀ, ਖਰੈਤ ਬੱਗੇ ਕੇ, ਜੀਤ ਕੁਮਾਰ ਚੋਹਾਣਾ, ਹਰਜੀਤ ਕੌਰ, ਡਾ. ਸਰਬਜੀਤ ਸਿੰਘ, ਹਰਦੀਪ ਸਿੰਘ ਅਬੋਹਰ, ਸੁਖਦੇਵ ਧਰਮੂਵਾਲਾ, ਪਰਮਿੰਦਰ ਰਹਿਮੇਸ਼ਾਹ, ਸੰਦੀਪ ਯੋਧਾ ਅਤੇ ਸਤੀਸ਼ ਛੱਪੜੀਵਾਲਾ ਨੇ ਵੀ ਸੰਬੋਧਨ ਕੀਤਾ |