ਓਟਵਾ : ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁਲਜ਼ਮ ਚਾਰ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੀ ਅਦਾਲਤ ਨੇ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਮੁਲਜ਼ਮਾਂ ਨੂੰ ਪਹਿਲੀ ਵਾਰ ਕੈਨੇਡਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਚਾਰ ਮੁਲਜ਼ਮਾਂ ਵਿੱਚੋਂ ਤਿੰਨ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਸਰੀ ਦੀ ਬਿ੍ਰਟਿਸ਼ ਕੋਲੰਬੀਆ ਅਦਾਲਤ ’ਚ ਪੇਸ਼ ਹੋਏ, ਜਦੋਂਕਿ ਅਮਨਦੀਪ ਸਿੰਘ (22) ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋਇਆ। ਅਮਨਦੀਪ ਸਿੰਘ ਹਥਿਆਰਾਂ ਨਾਲ ਸੰਬੰਧਤ ਇੱਕ ਹੋਰ ਕੇਸ ’ਚ ਓਨਟਾਰੀਓ ’ਚ ਹਿਰਾਸਤ ’ਚ ਹੈ। ਅਗਲੀ ਸੁਣਵਾਈ 25 ਜੂਨ ਨੂੰ ਹੋਵੇਗੀ। ਮੁਲਜ਼ਮਾਂ ਨੇ ਪੇਸ਼ੀ ਸਮੇਂ ਜੇਲ੍ਹ ਦੇ ਕੱਪੜੇ ਪਾਏ ਹੋਏ ਸਨ। ਨਿੱਝਰ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ।


