ਬੰਗਾ (ਅਵਤਾਰ ਕਲੇਰ)
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਣ ਵਾਲੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਬਕਾ ਮੀਤ ਸਕੱਤਰ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰ, ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ, ਦਲਿਤਾਂ ਅਤੇ ਕਿਸਾਨਾਂ ਦੇ ਸਾਂਝੇ ਆਗੂ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ 36ਵੀਂ ਸਲਾਨਾ ਬਰਸੀ ਉਹਨਾ ਦੇ ਜੱਦੀ ਪਿੰਡ ਮੇਹਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਨਾਈ ਗਈ। ਸਭ ਤੋਂ ਪਹਿਲਾਂ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ ਯਾਦਗਾਰ ’ਤੇ ਝੰਡਾ ਲਹਿਰਾਇਆ ਗਿਆ। ਇਹ ਰਸਮ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਨੇ ਅਦਾ ਕੀਤੀ। ਇਸ ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਭੰਗਲ, ਪਰਮਿੰਦਰ ਮੇਨਕਾ, ਗੁਰਬਖਸ਼ ਕੌਰ ਰਾਹੋਂ, ਅਮਰਜੀਤ ਮੇਹਲੀ ਨੇ ਸਾਂਝੇ ਤੌਰ ’ਤੇ ਕੀਤੀ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਮਲਕੀਤ ਚੰਦ ਮੇਹਲੀ ਜ਼ਮੀਨ ਨਾਲ ਜੁੜੇ ਆਗੂ ਸਨ। ਉਹਨਾ ਦੀ ਮਿਹਨਤ ਨਾਲ ਇਸ ਇਲਾਕੇ ’ਚ ਕਮਿਊਨਿਸਟ ਲਹਿਰ ਅਤੇ ਖੇਤ ਮਜ਼ਦੂਰ ਲਹਿਰ ਤੇਜ਼ੀ ਨਾਲ ਵਧੀ। ਸਾਥੀ ਮੇਹਲੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਹੀ ਅੱਤਵਾਦ ਖਤਮ ਹੋਇਆ। ਇਹਨਾਂ ਸ਼ਹੀਦਾਂ ਨੂੰ ਦੁਨੀਆਂ ਯਾਦ ਕਰਦੀ ਹੈ ਅਤੇ ਇਹਨਾਂ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਰਹੇਗਾ। ਸ਼ਹੀਦਾਂ ਦੇ ਨਾਂਅ ’ਤੇ ਮੇਲੇ ਲੱਗਣਗੇ ਅਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਉਹਨਾ ਕਿਹਾ ਕਿ ਅੱਜ ਦੇਸ਼ ਅੰਦਰ ਰਾਜਨੀਤਕ ਲੜਾਈ ਲੜੀ ਜਾ ਰਹੀ ਹੈ। ਪਿਛਲੇ 10 ਸਾਲਾਂ ਤੋਂ ਦੇਸ਼ ਤਬਾਹੀ ਦੇ ਰਾਹ ’ਤੇ ਸੀ, ਪਰ ਹੁਣ ਲੋਕ ਮੋਦੀ ਸਰਕਾਰ ਦੀਆਂ ਚਾਲਾਂ ਸਮਝ ਚੁੱਕੇ ਹਨ। ਹੁਣ ਮੋਦੀ ਸਰਕਾਰ ਦਾ ਜਾਣਾ ਤਹਿ ਹੈ ਅਤੇ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਭਾਰਤ ਧਰਮ-ਨਿਰਪੱਖ ਅਤੇ ਜਮਹੂਰੀਅਤ ਪਸੰਦ ਦੇਸ਼ ਹੈ। ਜਦੋਂ ਦੀ ਕੇਂਦਰ ’ਚ ਭਾਜਪਾ ਸਰਕਾਰ ਆਈ ਹੈ, ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਲੋਕ 10 ਸਾਲਾਂ ਤੋਂ ਜ਼ੁਲਮ ਸਹਿ ਰਹੇ ਹਨ। ਬੁੱਧੀਜੀਵੀ, ਲੇਖਕ, ਪੱਤਰਕਾਰ ਕਈ ਸਾਲਾਂ ਤੋਂ ਜੇਲ੍ਹਾਂ ਅੰਦਰ ਬੰਦ ਹਨ। ਚਲਾਨ ਵੀ ਪੇਸ਼ ਨਹੀਂ ਕਰ ਰਹੇ। ਇਸ ਲਈ ਕੇਂਦਰ ਸਰਕਾਰ ਨੂੰ ਹਰਾਉਣਾ ਅਤੀ ਜ਼ਰੂਰੀ ਹੈ। ਜੇ ਇਹ ਸਰਕਾਰ ਤੀਸਰੀ ਵਾਰੀ ਸੱਤਾ ਚ ਅਉਦੀ ਹੈ ਤਾਂ ਇਹ ਰਿਜ਼ਰਵੇਸ਼ਨ ਖ਼ਤਮ ਕਰ ਦੇਣਗੇ, ਲੋਕਾਂ ਦੇ ਬੋਲਣ ’ਤੇ ਪਬੰਦੀ ਲਗਾ ਦੇਣਗੇ, ਇਸ ਤਰ੍ਹਾਂ ਦੇ ਇਕੱਠ ਸ਼ਾਇਦ ਨਾ ਹੋ ਸਕਣ, ਸੰਵਿਧਾਨ ਬਦਲ ਦੇਣਗੇ ਅਤੇ ਮਨੂ ਸਿਮਰਤੀ ਲਾਗੂ ਕਰ ਦੇਣਗੇ। ਉਹਨਾ ਦੱਸਿਆ ਕਿ ਬਹੁਤ ਥਾਵਾਂ ’ਤੇ ਵੋਟ ਪੋਲਿੰਗ ਦੀ ਗਿਣਤੀ ਕੁਝ ਹੋਰ ਹੈ ਅਤੇ ਚੋਣ ਕਮਿਸ਼ਨ ਕੁਝ ਹੋਰ ਗਿਣਤੀ ਦੱਸ ਰਿਹਾ ਸੀ। ਉਹਨਾ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਮੋਦੀ ਦੇ ਇਸ਼ਾਰੇ ’ਤੇ ਚੋਣਾਂ ’ਚ ਕੋਈ ਗੜਬੜ ਕੀਤੀ ਤਾਂ ਸਾਰਾ ਦੇਸ਼ ਸੜਕਾਂ ’ਤੇ ਆ ਜਾਵੇਗਾ ਅਤੇ ਰੋਡ ਜਾਮ ਕਰ ਦਿੱਤੇ ਜਾਣਗੇ। ਉਹਨਾ ਚੋਣ ਕਮਿਸ਼ਨ ਆਪਣੀ ਡਿਊਟੀ ਨਿਰਪੱਖ ਨਿਭਾਉਣ ਲਈ ਅਪੀਲ ਕੀਤੀ। ਉਹਨਾ ਕਿਹਾ ਕਿ ਇੰਡੀਆ ਗੱਠਜੋੜ ਸੱਤਾ ਆਉਣ ’ਤੇ ਬੇਰੁਜ਼ਗਾਰ ਹਰ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ ਅਤੇ ਰੁਜ਼ਗਾਰ ਲਈ ਅਧਿਕਾਰ ਨੂੰ ਸੰਵਿਧਾਨ ’ਚ ਸ਼ਾਮਲ ਕਰਾਂਗੇ। ਨਰੇਗਾ ਕਾਮਿਆਂ ਨੂੰ 700 ਰੁਪਏ ਦਿਹਾੜੀ ਅਤੇ ਸਾਲ ’ਚ 200 ਦਿਨ ਕੰਮ ਦਿਆਂਗੇ। ਪਬਲਿਕ ਸੈਕਟਰ ਮਜ਼ਬੂਤ ਕਰਾਂਗੇ, 2004 ਤੋਂ ਪਹਿਲਾਂ ਵਾਲੀ ਪੈਨਸ਼ਨ ਬਹਾਲ ਕਰਾਂਗੇ। ਅਗਨੀਵੀਰ ਯੋਜਨਾ ਬੰਦ ਕਰ ਦਿਆਂਗੇ। ਠੇਕੇ ’ਤੇ ਭਰਤੀ ਬੰਦ ਕਰਕੇ ਪੱਕੀ ਭਾਰਤੀ ਸ਼ੁਰੂ ਕਰਾਂਗੇ। ਰਾਖਵਾਂਕਰਨ ਦੀ ਲਿਸਟ ਤਹਿ ਕਰਾਂਗੇ, ਸਾਥੀ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਹਰਾਇਆ ਜਾਵੇ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਸਾਥੀ ਮੇਹਲੀ ਅੱਤਵਾਦੀਆਂ ਨੇ ਸਾਥੋਂ ਖੋ ਲਿਆ, ਪਰ ਉਹਨਾ ਦੇ ਵਿਚਾਰ ਹਮੇਸ਼ਾ ਸਾਡੇ ਦਿਲਾਂ ’ਚ ਵਸਦੇ ਹਨ। ਸਾਥੀ ਮੇਹਲੀ ਪਰਵਾਰ ਸਮੇਤ ਕਈ ਵਾਰ ਜੇਲ੍ਹ ਵੀ ਗਏ। ਅੱਤਵਾਦੀਆਂ ਨੇ ਲਾਲ ਝੰਡੇ ਦੇ 400 ਦੇ ਕਰੀਬ ਆਗੂ ਅਤੇ ਵਰਕਰ ਸ਼ਹੀਦ ਕੀਤੇ ਅਤੇ ਲਗਭਗ 25000 ਲੋਕਾਂ ਨੇ ਸ਼ਹੀਦੀ ਦੇ ਕੇ ਪੰਜਾਬ ’ਚ ਅਮਨ ਅਤੇ ਸ਼ਾਂਤੀ ਲਿਆਂਦੀ। ਸਾਥੀ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਲਾਲ ਝੰਡਾ ਹਮੇਸ਼ਾ ਉੱਚਾ ਰੱਖੀਏ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਸਾਥੀ ਮੇਹਲੀ ਆਪਣੀ ਕੁਰਬਾਨੀ ਦੇ ਕੇ ਸ਼ਹੀਦਾਂ ਚ ਆਪਣਾ ਨਾਂਅ ਦਰਜ ਕਰਵਾ ਗਏ। ਸਾਥੀ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਹਨਾ ਦੀ ਸੋਚ ’ਤੇ ਪਹਿਰਾ ਦੇਈਏ, ਉਹਨਾ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰੀਏ। ਖੇਤ ਮਜ਼ਦੂਰ ਸਭਾ ਦੇ ਪ੍ਰੈੱਸ ਸਕੱਤਰ ਗਿਆਨ ਸੈਦਪੁਰੀ, ਜਸਵਿੰਦਰ ਭੰਗਲ ਤੇ ਪਰਮਿੰਦਰ ਮੇਨਕਾ ਬਲਾਚੌਰ ਨੇ ਵੀ ਸੰਬੋਧਨ ਕੀਤਾ। ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਥੀ ਮੇਹਲੀ ਦੀ ਬਰਸੀ ਹਮੇਸ਼ਾ ਹੀ ਮਨਾਈ ਜਾਵੇਗੀ। ਪੰਜਾਬੀ ਗਾਇਕ ਗੁਰਮੇਜ ਮੇਹਲੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਸਤਨਾਮ ਚਾਹਲ, ਗੁਰਮੁੱਖ ਸਿੰਘ ਫਰਾਲਾ, ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਸੁੱਜੋਂ, ਜਗੀਰ ਮੁਆਈ, ਜਰਨੈਲ ਸਿੰਘ ਮਹਿੰਦੀਪੁਰ, ਪ੍ਰੇਮ ਸਿੰਘ ਮੁਠੱਡਾ ਕਲਾਂ, ਹੁਸਨ ਲਾਲ, ਸੁਰਿੰਦਰ ਪਾਲ ਸਰਪੰਚ ਮੇਹਲੀ, ਅਮਰਜੀਤ ਮੇਹਲੀ, ਗੁਰਮੀਤ ਰਾਮ, ਰਾਮ ਲਾਲ, ਸ਼ੀਲਾ ਰਾਣੀ, ਜਗਦੀਸ਼ ਕੌਰ ਸਾਬਕਾ ਸਰਪੰਚ, ਬੁੱਧ ਪ੍ਰਕਾਸ਼ ਸ਼ੌਂਕੀ, ਭਾਈ ਕੁਲਵਿੰਦਰ ਸਿੰਘ ਤੇ ਜੀਤ ਰਾਮ ਆਦਿ ਹਾਜ਼ਰ ਸਨ।





