38.1 C
Jalandhar
Friday, June 14, 2024
spot_img

ਖਬਰਦਾਰ ਰਹਿਣ ਦੇ ਦਿਨ

ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਤੌਖਲਾ ਹੈ ਕਿ ਚੋਣਾਂ ਵਿਚ ਹਾਰ ਦਾ ਸਾਹਮਣਾ ਕਰ ਰਹੀ ਭਾਜਪਾ ਜਿੱਤਣ ਦੇ ਬਾਅਦ ਵੀ ‘ਇੰਡੀਆ’ ਗੱਠਜੋੜ ਨੂੰ ਸੱਤਾ ਨਹੀਂ ਸੌਂਪੇਗੀ। ਇਸ ਮਾਮਲੇ ’ਤੇ ਸੁਸਾਇਟੀ ਨੇ ਹਾਲ ਹੀ ਵਿਚ ਬੇਂਗਲੁਰੂ ਵਿਚ ਇਕ ਉੱਚ-ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਫਤਵੇ ਨੂੰ ਤੋੜਨ-ਮਰੋੜਨ ਦੇ ਖਤਰੇ ਤੇ ਉਸ ਨਾਲ ਨਜਿੱਠਣ ਦੇ ਉਪਾਵਾਂ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ’ਚ ਅਰਥ ਸ਼ਾਸਤਰੀ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਪਰਾਕਲਾ ਪ੍ਰਭਾਕਰ, ਸਮਾਜੀ ਕਾਰਕੁਨ ਤੀਸਤਾ ਸੀਤਲਵਾੜ, ਰਿਟਾਇਰਡ ਆਈ ਏ ਐੱਸ ਅਫਸਰ ਦੇਵ ਸਹਾਯਮ ਤੇ ਭਾਸ਼ਾ ਵਿਗਿਆਨੀ ਗਣੇਸ਼ ਦੇਵੀ, ਰਿਟਾਇਰਡ ਮੇਜਰ ਜਨਰਲ ਵੋਮਭਾਟਕੇਰੇ, ਰਿਟਾਇਰਡ ਕੈਬਨਿਟ ਜਾਇੰਟ ਸੈਕਟਰੀ ਰਵੀ ਜੋਸ਼ੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਗੁਰਦੀਪ ਸੱਪਲ ਨੇ ਹਿੱਸਾ ਲਿਆ। ਮੀਟਿੰਗ ਵਿਚ ਇਹ ਸੋਚ ਬਣੀ ਕਿ ਇਹ ਚੋਣਾਂ ਲੋਕਾਂ ਤੇ ਸੰਵਿਧਾਨ ਵਿਰੋਧੀ ਭਾਜਪਾ ਵਿਚਾਲੇ ਹੈ ਅਤੇ ਇਸ ਲੜਾਈ ’ਚ ਜਿੱਤ ਲੋਕਾਂ ਦੀ ਹੋ ਰਹੀ ਹੈ, ਪਰ ਭਾਜਪਾ ਸੱਤਾ ਆਪਣੇ ਹੱਥ ਵਿਚ ਰੱਖਣ ਦਾ ਮਨ ਬਣਾ ਚੁੱਕੀ ਹੈ। ਮੀਟਿੰਗ ਦੇ ਬਾਅਦ ਜਾਰੀ ਬਿਆਨ ’ਚ ਕਿਹਾ ਗਿਆ ਕਿ ਕੁਝ ਵੀ ਹੋ ਸਕਦਾ ਹੈ। ਦੇਸ਼ ਦੇ ਲੋਕਾਂ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ ਹੈ। ਦੋ ਤਰ੍ਹਾਂ ਦੇ ਖਤਰੇ ਦਰਪੇਸ਼ ਹਨ। ਪਹਿਲਾਂ ਵੋਟਾਂ ਦੀ ਗਿਣਤੀ ’ਚ ਹੇਰਾਫੇਰੀ ਦਾ ਤੇ ਦੂਜਾ ਲੋਕਾਂ ਦੇ ਫਤਵੇ ਨੂੰ ਤਾਰਪੀਡੋ ਕਰਨ ਦਾ।
ਮੀਟਿੰਗ ’ਚ ਲੋਕਾਂ ਦੇ ਫਤਵੇ ਦੀ ਰਾਖੀ ਲਈ ਪੰਜ ਤਰ੍ਹਾਂ ਦੇ ਫਰਜ਼ਾਂ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਲਈ ਗਈ। ਪਹਿਲਾ ਇਹ ਕਿ ‘ਇਕ ਜਮਹੂਰੀਅਤ ਦੇ ਅੰਦਰ ਵੋਟਰਾਂ ਦੀ ਇੱਛਾ ਅੰਤਮ ਹੋਵੇਗੀ’ ਦੇ ਨਾਂਅ ਨਾਲ ਵੋਟਰ ਅਧਿਕਾਰ ਮੁਹਿੰਮ ਚਲਾਈ ਜਾਵੇਗੀ। ਦੂਜਾ ਇਹ ਕਿ ਵੋਟਾਂ ਨਾਲ ਛੇੜਛਾੜ ਨੂੰ ਰੋਕਣ ਲਈ ‘ਸਿਟੀਜ਼ਨ ਵਿਜੀਲੈਂਸ ਕਮਿਸ਼ਨ’ ਕਾਇਮ ਕੀਤਾ ਜਾਵੇਗਾ। ਤੀਜਾ ਇਹ ਕਿ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵਿਚ ਸਿੱਧੇ ਦਖਲ ਦੇ ਨਾਲ ਹੀ ਉਸ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇਗਾ। ਚੌਥਾ ਇਹ ਕਿ ਸਾਹਮਣੇ ਆਉਣ ਵਾਲੇ ਗੰਭੀਰ ਖਤਰਿਆਂ ਵੱਲ ਸਿਆਸੀ ਪਾਰਟੀਆਂ ਨੂੰ ਖਬਰਦਾਰ ਕੀਤਾ ਜਾਵੇਗਾ ਤੇ ਹੇਰਾਫੇਰੀ ਦੇ ਖਤਰੇ ਨੂੰ ਰੋਕਣ ਲਈ ਉਨ੍ਹਾਂ ’ਤੇ ਦਬਾਅ ਪਾਇਆ ਜਾਵੇਗਾ। ਆਖਰ ਵਿਚ, ਜੇ ਭਾਜਪਾ ਗੈਰਇਖਲਾਕੀ ਰਾਹ ਅਪਣਾਉਦੀ ਹੈ, ਸੱਤਾ ਦੀ ਮੁੰਤਕਿਲੀ ਰੋਕਦੀ ਹੈ, ਹੇਰਾਫੇਰੀ ਜਾਂ ਜ਼ਾਬਤੇ ਦੀ ਉਲੰਘਣਾ ਕਰਦੀ ਹੈ, ਗੁੰਡਾਗਰਦੀ ਕਰਦੀ ਹੈ, ਪਾਰਟੀਆਂ ਤੋੜਦੀ ਹੈ, ਡੰਮੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਕ ਨਾਗਰਿਕ ਦੇ ਤੌਰ ’ਤੇ ਚੁੱਪ ਨਹੀਂ ਰਿਹਾ ਜਾਵੇਗਾ। ਵੋਟਰਾਂ ਦੇ ਫਤਵੇ ਦੀ ਰਾਖੀ ਲਈ ਕੌਮੀ ਪੱਧਰ ’ਤੇ ਪੁਰਅਮਨ ਤਰੀਕੇ ਨਾਲ ਮਜ਼ਬੂਤ ਸੱਤਿਆਗ੍ਰਹਿ ਕੀਤਾ ਜਾਵੇਗਾ। ਅਗਲੇ ਇਕ ਹਫਤੇ ਤੱਕ ਕੌਮੀ ਤੇ ਰਾਜ ਪੱਧਰ ’ਤੇ ਸੰਪਰਕ ਦੀ ਪ੍ਰਕਿਰਿਆ ਜਾਰੀ ਰਹੇਗੀ। ਮਈ ਦੇ ਅਖੀਰ ਵਿਚ ‘ਵੋਟਰਾਂ ਦਾ ਫਤਵਾ ਅੰਤਮ’ ਦੇ ਨਾਂਅ ਨਾਲ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਇਕ ਅੰਦੋਲਨ ਚਲਾਇਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜਕੱਲ੍ਹ ਕਹਿ ਰਹੇ ਹਨ ਕਿ ‘ਮੈਨੂੰ ਤੁਹਾਡੀ ਸੇਵਾ ਲਈ ਰੱਬ ਨੇ ਘੱਲਿਆ ਹੈ।’ ਰੱਬ ਦੇ ਨਾਂਅ ’ਤੇ ਉਹ ਕੁਝ ਵੀ ਕਰ ਸਕਦੇ ਹਨ। ਸੋ, ਸਿਵਲ ਸੁਸਾਇਟੀ ਦੇ ਇਸ ਕਥਨ ਵਿਚ ਕਾਫੀ ਦਮ ਹੈ ਕਿ ‘ਕੁਝ ਵੀ ਹੋ ਸਕਦਾ ਹੈ।’

Related Articles

LEAVE A REPLY

Please enter your comment!
Please enter your name here

Latest Articles