ਰੌਕੀ ਨੇ ਨਿਡਰ ਪੱਤਰਕਾਰੀ ਕਰਕੇ ਲੋਕ-ਪੱਖੀ ਮਸਲਿਆਂ ਨੂੰ ਉਜਾਗਰ ਕੀਤਾ : ਕੁਲਦੀਪ ਭੋਲਾ, ਗੁਰਮੀਤ

0
158

ਮੋਗਾ (ਇਕਬਾਲ ਸਿੰਘ ਖਹਿਰਾ)-‘ਨਵਾਂ ਜ਼ਮਾਨਾ’ ਦੇ ਸਾਬਕਾ ਪੱਤਰਕਾਰ ਅਤੇ ਚਿੱਤਰਕਾਰ ਕਾਮਰੇਡ ਰਾਕੇਸ਼ ਕੁਮਾਰ ਸ਼ਰਮਾ ਰੌਕੀ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸ਼ੁੱਕਰਵਾਰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕਰਵਾਇਆ ਗਿਆ | ਇਸ ਮੌਕੇ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਦੇ ਵੈਰਾਗਮਈ ਸ਼ਬਦ ਗਾਈਨ ਕੀਤੇ ਗਏ | ਉਪਰੰਤ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ | ਉਨ੍ਹਾ ਦੀ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ |
ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਸ਼ਰਮਾ ਨੂੰ ਲੋਕਾਂ ਹਿੱਤਾਂ ਲਈ ਸਮਰਪਣ ਦੀ ਵਿਰਾਸਤ ਆਪਣੇ ਪਰਵਾਰ ਵਿੱਚੋਂ ਮਿਲੀ | ਉਨ੍ਹਾ ਦੇ ਪਿਤਾ ਕਾਮਰੇਡ ਰਕਸ਼ਪਾਲ ਆਪਣੀ ਜਵਾਨੀ ਤੋਂ ਕਮਿਊਨਿਸਟ ਲਹਿਰ ਵਿੱਚ ਸਰਗਰਮ ਰਹੇ | ਉਹਨਾ ਦੇ ਸਹੁਰਾ ਸਾਹਿਬ ਕਾਮਰੇਡ ਕਿ੍ਸ਼ਨ ਭਾਰਦਵਾਜ ਨੇ ਕਮਿਊਨਿਸਟ ਲਹਿਰ ਦੇ ਪ੍ਰਚਾਰ ਲਈ ‘ਨਵਾਂ ਜ਼ਮਾਨਾ’ ਦੇ ਮੈਨੇਜਰ ਦੀ ਜ਼ਿੰਮੇਵਾਰੀ ਰਾਹੀਂ ਵੱਡਾ ਯੋਗਦਾਨ ਪਾਇਆ | ਕਾਮਰੇਡ ਰਾਕੇਸ਼ ਇੱਕ ਜ਼ਹੀਨ ਚਿੱਤਰਕਾਰ ਵਜੋਂ ਆਪਣੀ ਕਲਾ ਦੇ ਮਾਧਿਅਮ ਰਾਹੀਂ ਨੌਜਵਾਨਾਂ, ਵਿਦਿਆਰਥੀਆਂ ਸਮੇਤ ਆਮ ਲੋਕਾਂ ਦੇ ਹੱਕਾਂ-ਹਿੱਤਾਂ ਦਾ ਹੋਕਾ ਦਿੰਦੇ ਰਹੇ |
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਰਾਕੇਸ਼ ਦਿ੍ੜ੍ਹ ਇਰਾਦੇ ਵਾਲਾ ਇਨਸਾਨ ਸੀ, ਜਿਸ ਨੇ ਆਪਣੇ ਬੁਲੰਦ ਹੌਸਲੇ ਨਾਲ ਜਿਥੇ ਪੰਜਾਬ ਦੇ ਕਾਲੇ ਦੌਰ ਵਿੱਚ ਕਮਿਊਨਿਸਟ ਪਾਰਟੀ ਦਾ ਝੰਡਾ ਬੁਲੰਦ ਕੀਤਾ, ਉਥੇ ਉਨ੍ਹਾ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ | ਜਿੱਥੇ ਉਸ ਦੌਰ ਵਿੱਚ ਨਿਡਰ ਤੇ ਨਿਧੜਕ ਪੱਤਰਕਾਰੀ ਕੀਤੀ, ਉਥੇ ਆਪਣੀ ਚਿੱਤਰਕਾਰੀ ਰਾਹੀਂ ਵੀ ਆਪਣੀ ਕਲਾ ਦੇ ਜੌਹਰ ਦਿਖਾਏ | ਉਹ ਮਿਲਾਪੜੇ ਸੁਭਾਅ ਦਾ ਮਨੁੱਖ, ਸਭ ਨੂੰ ਮਹਿਫਲਾਂ ਵਿੱਚ ਕਾਇਲ ਕਰਨ ਵਾਲੀ ਸ਼ਖਸੀਅਤ ਸੀ | ਉਸ ਨੇ ਨੌਜਵਾਨਾਂ ਵੱਲੋਂ ਸਭ ਨੂੰ ਪੱਕੇ ਰੁਜ਼ਗਾਰ ਲਈ ਚਲਾਈ ‘ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ’ ਵਿੱਚ ਵਡਮੁੱਲਾ ਹਿੱਸਾ ਪਾਇਆ | ਉਹ ਇਸ ਮੁਹਿੰਮ ਦੇ ਮੋਢੀਆਂ ਵਿੱਚੋਂ ਇਕ ਸੀ, ਜਿਹਨਾਂ ਕਿਹਾ ਕਿ ਪੰਜਾਬ ਦੇ ਜਵਾਨ ਧੀਆਂ-ਪੁੱਤਾਂ ਲਈ ਮੁਫ਼ਤ ਵਿੱਦਿਆ ਅਤੇ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਕਾਮਰੇਡ ਰਾਕੇਸ਼ ਦੇ ਸਾਂਢੂ ਕਾਮਰੇਡ ਗੁਰਮੀਤ ਨੇ ਕਿਹਾ ਕਿ ਰਾਕੇਸ਼ ਕੁਮਾਰ ਰੌਕੀ ਨੇ ਜਿੱਥੇ ਆਪਣੀਆਂ ਪਰਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ, ਉਥੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਈਆਂ | ਜ਼ਿੰਦਗੀ ਦੀਆਂ ਔਕੜਾਂ ਨੂੰ ਉਸ ਨੇ ਖਿੜੇ ਮੱਥੇ ਸਵੀਕਾਰਦਿਆਂ ਆਪਣੀਆਂ ਮਿਥੀਆਂ ਮੰਜ਼ਲਾਂ ਸਰ ਕੀਤੀਆਂ | ਉਸ ਦੀ ਹਰ ਕੰਮ ਵਿੱਚ ਪਹਿਲਕਦਮੀ ਅਤੇ ਊਰਜਾਵਾਨ ਭੂਮਿਕਾ ਅੱਜ ਵੀ ਸਭ ਨੂੰ ਕਾਇਲ ਕਰਦੀ ਹੈ | ਉਨ੍ਹਾ ਕਿਹਾ ਕਿ ਰੌਕੀ ਚਿੱਤਰਕਾਰੀ ਵਿੱਚ ਵੀ ਅਜਿਹੀ ਮਹਾਰਤ ਰੱਖਦਾ ਸੀ | ਉਸ ਨੇ ਇਕ ਤੋਂ ਇਕ ਵਧ ਕੇ ਆਪਣੇ ਬੁਰਸ਼ ਰਾਹੀਂ ਤਸਵੀਰਾਂ ਉਕੇਰੀਆਂ, ਜੋ ਵਿਸ਼ਵ ਪੱਧਰ ਦੀਆਂ ਪ੍ਰਦਰਸ਼ਨੀਆਂ ਦੇ ਯੋਗ ਸਨ, ਪਰ ਰੌਕੀ ਨੇ ਆਪਣੀ ਕੋਈ ਵੀ ਤਸਵੀਰ ਵੇਚੀ ਨਹੀਂ, ਉਹ ਸਿਰਫ ਅਜਿਹੇ ਵਿਅਕਤੀ ਨੂੰ ਆਪਣੀ ਪੇਂਟਿੰਗ ਦਿੰਦਾ ਸੀ, ਜੋ ਖੁਦ ਕਲਾ ਦਾ ਪ੍ਰੇਮੀ ਹੋਵੇ | ਉਨ੍ਹਾ ਕਿਹਾ ਕਿ ਰੌਕੀ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਨਾਲ ਪਰਵਾਰ ਦੇ ਨਾਲ-ਨਾਲ ਕਮਿਊਨਿਸਟ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅੰਤ ਵਿੱਚ ਕਾਮਰੇਡ ਗੁਰਮੀਤ ਨੇ ਰਾਕੇਸ਼ ਕੁਮਾਰ ਰੌਕੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ | ਸ਼ਰਧਾਂਜਲੀ ਭੇਟ ਕਰਨ ਵਾਲਿਆਂ ‘ਚ ਸਾਬਕਾ ਐੱਸ ਐੱਮ ਓ ਅਤੇ ਉਸ ਦੇ ਕਮਿਊਨਿਸਟ ਦੋਸਤ ਡਾਕਟਰ ਇੰਦਰਵੀਰ ਗਿੱਲ, ਕਾਂਗਰਸੀ ਆਗੂ ਮਾਲਵਿਕਾ ਸੂਦ ਸੱਚਰ, ਕਾਮਰੇਡ ਰਾਕੇਸ਼ ਦੇ ਪਿਤਾ ਸਾਥੀ ਰਕਸ਼ਪਾਲ, ਪਤਨੀ ਪ੍ਰਤਿਭਾ ਸ਼ਰਮਾ, ਬੇਟਾ ਪੁਖ਼ਰਾਜ, ਭਰਾ ਅਲੋਕ ਸ਼ਰਮਾ, ਪੱਤਰਕਾਰ ਸੁਰਿੰਦਰ ਮਾਨ, ਮਹਿੰਦਰ ਸਿੰਘ ਰੱਤੀਆਂ, ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਡਾਕਟਰ ਜਸਜੀਤ ਕੌਰ ਗਿੱਲ, ਕਰਮਵੀਰ ਕੌਰ ਬੱਧਨੀ, ਜਗਸੀਰ ਸਿੰਘ ਖੋਸਾ, ਡਾ. ਹਰਨੇਕ ਰੋਡੇ, ਮਹਿੰਦਰਪਾਲ ਲੂੰਬਾ, ਹਰਦਿਆਲ ਸਿੰਘ ਘਾਲੀ, ਸਵਰਨ ਸਿੰਘ ਖੋਸਾ, ਰਾਜੇਸ਼ ਸਿਤਾਰਾ, ਸ਼ੇਰ ਸਿੰਘ ਦੌਲਤਪੁਰਾ, ਗੁਰਮੇਲ ਸਿੰਘ ਨਾਹਰ, ਬਲਜੀਤ ਕੌਰ ਬਰਾੜ, ਮੁਖ਼ਤਿਆਰ ਸਿੰਘ ਮੋਗਾ, ਨਰਿੰਦਰਪਾਲ ਸਿੰਘ ਬਬਲੂ, ਪਰਮਜੀਤ ਵਿੱਕੀ, ਪ੍ਰਵੀਨ ਕੁਮਾਰ ਪੀਨਾ, ਰਵੀ ਪੰਡਤ, ਗੁਰਮੇਲ ਸਿੰਘ ਦੌਧਰ, ਰਾਮਪਾਲ ਸਿੰਘ, ਰਣਜੀਤ ਸਿੰਘ ਬਰਾੜ, ਪਿ੍ਤਪਾਲ ਸਰੀਨ, ਇਕਬਾਲ ਤਖਾਣਵੱਧ ਆਦਿ ਸ਼ਾਮਲ ਹਨ | ਸਟੇਜ ਦੀ ਕਾਰਵਾਈ ਸੁਖਜਿੰਦਰ ਮਹੇਸਰੀ ਨੇ ਚਲਾਈ |

LEAVE A REPLY

Please enter your comment!
Please enter your name here