ਕੋਲਕਾਤਾ : ਬੰਗਾਲ ਸੀ ਆਈ ਡੀ ਨੇ ਹਾਲ ਹੀ ‘ਚ ਕੋਲਕਾਤਾ ਦੇ ਇੱਕ ਫਲੈਟ ‘ਚ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਹੱਤਿਆ ਦੇ ਮਾਮਲੇ ‘ਚ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੋਂਗਾਓਾ ਇਲਾਕੇ ਤੋਂ ਇੱਕ ਕਸਾਈ ਜੇਹਾਦ ਹਵਾਲਦਾਰ ਨੂੰ ਗਿ੍ਫਤਾਰ ਕੀਤਾ ਹੈ, ਜਿਸ ਨੇ ਸੰਸਦ ਮੈਂਬਰ ਦੀ ਲਾਸ਼ ਦੇ ਟੁਕੜੇ ਕੀਤੇ ਸਨ ਅਤੇ ਪਾਲੀਥੀਨ ਪੈਕਟ ‘ਚ ਪੈਕ ਕਰਕੇ ਵੱਖ-ਵੱਖ ਥਾਂਵਾਂ ‘ਤੇ ਖਿਲਾਰੇ ਸਨ | ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਅਨਾਰ ਦੇ ਡੱਕਰੇ ਕਰਨ ਤੇ ਡੱਕਰੇ ਵੱਖ-ਵੱਖ ਥਾਈਾ ਸੁੱਟਣ ‘ਚ ਇਕ ਹੋਰ ਬੰਦੇ ਦੀ ਮਦਦ ਕੀਤੀ | ਸੀ ਆਈ ਡੀ ਵਾਲੇ ਉਸ ਨੂੰ ਭੰਗਰ ਇਲਾਕੇ ਵਿਚ ਲੈ ਕੇ ਗਏ, ਜਿੱਥੇ ਲਾਸ਼ ਦੇ ਟੁਕੜੇ ਸੁੱਟੇ ਗਏ | ਹਵਾਲਦਾਰ ਪੇਸ਼ੇ ਤੋਂ ਕਸਾਈ ਹੈ | ਉਹ ਬੰਗਲਾਦੇਸ਼ੀ ਨਾਗਰਿਕ ਹੈ ਤੇ ਭਾਰਤ ਵਿਚ ਗੈਰਕਾਨੂੰਨੀ ਵੜ ਕੇ ਮੁੰਬਈ ਵਿਚ ਰਹਿ ਰਿਹਾ ਸੀ | ਉਸ ਨੂੰ ਅਨਾਰ ਨੂੰ ਮਾਰਨ ਦੀ ਯੋਜਨਾ ਤਹਿਤ ਦੋ ਮਹੀਨੇ ਪਹਿਲਾਂ ਕੋਲਕਾਤਾ ਸੱਦਿਆ ਗਿਆ ਸੀ | ਉਸ ਨੇ ਮੰਨਿਆ ਹੈ ਕਿ ਕੋਲਕਾਤਾ ਦੇ ਫਲੈਟ ਵਿਚ ਅਨਾਰ ਨੂੰ ਮਾਰਨ ਵੇਲੇ ਉਸ ਨਾਲ ਚਾਰ ਜਣੇ ਹੋਰ ਸਨ | ਉਸ ਨੇ ਲਾਸ਼ ਦੀ ਚਮੜੀ ਲਾਹੁਣ ਤੇ ਡੱਕਰੇ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ | ਸਾਹਮਣੇ ਆਇਆ ਹੈ ਕਿ ਅਨਾਰ ਦੀ ਸਿਰਹਾਣੇ ਨਾਲ ਮੂੰਹ ਦਬਾ ਕੇ ਹੱਤਿਆ ਕੀਤੀ ਗਈ | ਇਸ ਕਤਲ ਕਾਂਡ ‘ਚ ਸੇਲੇਸਟ ਰਹਿਮਾਨ ਔਰਤ ਦਾ ਨਾਂਅ ਵੀ ਸਾਹਮਣੇ ਆਇਆ ਹੈ, ਜਿਸ ਨੂੰ ਸੰਸਦ ਮੈਂਬਰ ਨੂੰ ਹਨੀ ਟਰੈਪ ‘ਚ ਫਸਾਉਣ ਲਈ ਵਰਤਿਆ ਗਿਆ | ਸੇਲੇਸਟ ਨੇ ਅਨਾਰ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਕੋਲਕਾਤਾ ਦੇ ਨਿਊਟਾਊਨ ਸਥਿਤ ਫਲੈਟ ‘ਚ ਸੱਦਿਆ, ਜਿੱਥੇ ਉਸ ਦੀ ਹੱਤਿਆ ਕਰ ਦਿੱਤੀ ਗਈ |
ਇਸੇ ਦੌਰਾਨ ਬੰਗਾਲ ਦੀ ਸੀ ਆਈ ਡੀ ਕੇਸ ‘ਚ ਗਿ੍ਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲਈ ਬੰਗਲਾਦੇਸ਼ ਪਹੁੰਚ ਗਈ ਹੈ |
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਅਨਾਰ ਦੇ ਅਮਰੀਕਾ ਰਹਿੰਦੇ ਦੋਸਤ ਅਖਤਰ ਉਜਮਾਂ ਨੇ ਉਸ ਦੀ ਹੱਤਿਆ ਲਈ ਕਰੀਬ 5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ | ਉਸੇ ਦੇ ਕੋਲਕਾਤਾ ਵਿਚਲੇ ਫਲੈਟ ਵਿਚ ਹੱਤਿਆ ਕੀਤੀ ਗਈ | ਅਨਾਰ ਇਲਾਜ ਕਰਾਉਣ 12 ਮਈ ਨੂੰ ਕੋਲਕਾਤਾ ਆਇਆ ਸੀ | ਉਸ ਦੇ ਲਾਪਤਾ ਹੋਣ ‘ਤੇ ਉਸ ਦੇ ਕੋਲਕਾਤਾ ਵਿਚ ਰਹਿੰਦੇ ਦੋਸਤ ਗੋਪਾਲ ਬਿਸਵਾਸ ਨੇ 18 ਮਈ ਨੂੰ ਥਾਣੇ ਰਿਪੋਰਟ ਲਿਖਾਈ ਸੀ | ਅਨਾਰ ਉਸ ਕੋਲ ਹੀ ਠਹਿਰਿਆ ਸੀ | ਉਹ 13 ਮਈ ਨੂੰ ਉਸ ਕੋਲੋਂ ਇਹ ਕਹਿ ਕੇ ਨਿਕਲਿਆ ਸੀ ਕਿ ਡਾਕਟਰ ਕੋਲ ਜਾ ਰਿਹਾ ਹਾਂ ਤੇ ਰਾਤ ਦੇ ਖਾਣੇ ਤੱਕ ਪਰਤ ਆਏਗਾ |



