ਕੈਪਟਨ ਨੇ ਰਾਹੁਲ ਦੀ ਗੱਲ ਨਹੀਂ ਮੰਨੀ ਤਾਂ ਪਾਰਟੀ ‘ਚੋਂ ਕਢਵਾ’ਤਾ : ਮੋਦੀ

0
196

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਗੁਰਦਾਸਪੁਰ ਦੇ ਦੀਨਾਨਗਰ ‘ਚ ਭਾਜਪਾ ਦੀ ਫਤਿਹ ਚੋਣ ਰੈਲੀ ਦੌਰਾਨ ਕਾਂਗਰਸ ਤੇ ਆਪ ਦੇ ਨਾਲ-ਨਾਲ ਸਮੁੱਚੇ ‘ਇੰਡੀਆ’ ਗਠਜੋੜ ਦੀ ਆਲੋਚਨਾ ਕੀਤੀ | ਉਨ੍ਹਾ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਹਮੇਸ਼ਾ ਜ਼ਖਮ ਦਿੱਤੇ ਹਨ | ਸਭ ਤੋਂ ਵੱਡਾ ਜ਼ਖਮ ਦੇਸ਼ ਦੀ ਵੰਡ ਦਾ ਹੈ | ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕਰਵਾਇਆ | ਉਨ੍ਹਾ ਕਿਹਾ ਕਿ ਕੇਂਦਰ ‘ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਕਤਲੇਆਮ ਦੀਆਂ ਫਾਈਲਾਂ ਖੋਲ੍ਹੀਆਂ ਗਈਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲੀ | ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸ਼ਹਿਜ਼ਾਦੇ (ਰਾਹੁਲ) ਦੀ ਗੱਲ ਨਾ ਮੰਨੀ ਤਾਂ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ | ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲੇ ਕਰਦੇ ਹੋਏ ਉਹਨਾ ਕਿਹਾ ਕਿ ਇੱਥੋਂ ਦੀ ਸਰਕਾਰ ਰਿਮੋਟ ਨਾਲ ਚੱਲ ਰਹੀ ਹੈ, ਕਿਉਂਕਿ ਮੁੱਖ ਮੰਤਰੀ ਆਪ ਕੋਈ ਵੀ ਫ਼ੈਸਲਾ ਨਹੀਂ ਲੈ ਸਕਦੇ | ਇਸ ਲਈ ਹੁਕਮ ਲੈਣ ਵਾਸਤੇ ਉਹ ਤਿਹਾੜ ਜੇਲ੍ਹ ਗਏ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਅੰਦੋਲਨ ‘ਚ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ |
ਮੋਦੀ ਨੇ ਜਲੰਧਰ ਦੀ ਚੋਣ ਰੈਲੀ ‘ਚ ਕਿਹਾ—ਕੋਰੋਨਾ ਦੇ ਔਖੇ ਸਮੇਂ ‘ਚ ਤੁਸੀਂ ਸਾਰਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਸੀ | ਮੈਂ ਰਾਧਾ ਸੁਆਮੀ ਡੇਰੇ ਦੀ ਸੰਤ ਪਰੰਪਰਾ ਨੂੰ ਵੀ ਸਲਾਮ ਕਰਦਾ ਹਾਂ | ਪੰਜਾਬ ਮੇਰੇ ਲਈ ਨਵਾਂ ਨਹੀਂ ਹੈ | ਮੈਂ ਲੰਮਾ ਸਮਾਂ ਪੰਜਾਬ ‘ਚ ਕੰਮ ਕੀਤਾ | ਜਲੰਧਰ ਦਾ ਕੁਲਚਾ ਤੇ ਕੈਂਟ ਦਾ ਪਕੌੜਾ, ਜਲੰਧਰ ਦੇ ਉਸ ਪਿਆਰ ਦਾ ਕਰਜ਼ਾ ਅੱਜ ਵੀ ਮੇਰੇ ਸਿਰ ਹੈ | ਜਲੰਧਰ ਤੋਂ ਵੱਡੀ ਗਿਣਤੀ ‘ਚ ਲੋਕ ਮੇਰੇ ਬਨਾਰਸ ਆਉਂਦੇ ਰਹਿੰਦੇ ਹਨ | ਇਸ ਵਾਰ ਵੀ ਮੈਨੂੰ ਸੰਤ ਰਵਿਦਾਸ ਜੀ ਦੇ ਅਸਥਾਨ ਸੀਰ ਗੋਵਰਧਨਪੁਰ ਵਿਖੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ | ਮੋਦੀ ਨੇ ਨਾਹਨ ਦੀ ਚੋਣ ਰੈਲੀ ‘ਚ ਕਾਂਗਰਸ ‘ਤੇ ਹਿਮਾਚਲ ਦੇ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਾਰਟੀ ਦੀ ਤਾਲਾਬਾਜ਼ ਸਰਕਾਰ ਨੇ ਰਾਜ ਸਟਾਫ ਚੋਣ ਕਮਿਸ਼ਨ ਨੂੰ ਤਾਲਾ ਲਗਾ ਦਿੱਤਾ ਹੈ | ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਘੋਰ ਫਿਰਕੂ, ਜਾਤੀਵਾਦੀ ਅਤੇ ਪਰਵਾਰਵਾਦੀ ਹਨ | ਉਨ੍ਹਾ ਕਿਹਾ, ‘ਨਾਹਨ ਅਤੇ ਨਾ ਹੀ ਸਿਰਮੌਰ ਮੇਰੇ ਲਈ ਨਵਾਂ ਹੈ, ਪਰ ਮੇਰਾ ਕਹਿਣਾ ਹੈ ਕਿ ਅੱਜ ਦਾ ਮਾਹੌਲ ਨਵਾਂ ਹੈ, ਕਿਉਂਕਿ ਮੈਂ ਨਾਹਨ ‘ਚ ਅਜਿਹੀ ਇਤਿਹਾਸਕ ਰੈਲੀ ਨਹੀਂ ਦੇਖੀ | ਮੰਡੀ ‘ਚ ਕੰਗਣਾ ਰਣੌਤ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਮੰਡੀ ਦਾ ਨਾਂਅ ਲੈ ਕੇ ਕੰਗਣਾ ਜੀ ਬਾਰੇ ਜੋ ਭੱਦੀਆਂ ਗੱਲਾਂ ਕਹੀਆਂ ਹਨ, ਉਹ ਮੰਡੀ ਦਾ ਅਪਮਾਨ ਹੈ, ਛੋਟੀ ਕਾਸ਼ੀ ਦਾ ਅਪਮਾਨ ਹੈ, ਹਿਮਾਚਲ ਦਾ ਅਪਮਾਨ ਹੈ, ਹਿਮਾਚਲ ਦੀ ਹਰ ਧੀ ਦਾ ਅਪਮਾਨ ਹੈ |

LEAVE A REPLY

Please enter your comment!
Please enter your name here