ਨਵੀਂ ਦਿੱਲੀ : ਵਧਦੀ ਗਰਮੀ ’ਚ ਮੁਲਾਜ਼ਮਾਂ ਤੇ ਆਮ ਲੋੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰ ਰਹੀਆਂ ਹਨ। ਭੋਪਾਲ ਵਿਚ ਰੈੱਡ ਟਰੈਫਿਕ ਸਿਗਨਲ ਦੀ ਟਾਈਮਿੰਗ 60 ਸਕਿੰਟ ਤੋਂ ਘਟਾ ਕੇ 30 ਸਕਿੰਟ ਕਰ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਅਕੋਲਾ ਸ਼ਹਿਰ ਵਿਚ ਦਫਾ 144 ਲਾ ਦਿੱਤੀ ਗਈ ਹੈ ਤਾਂ ਕਿ ਲੋਕ ਥਾਂ-ਥਾਂ ਇਕੱਠੇ ਨਾ ਹੋਣ। ਆਸਾਮ ਦੇ ਡੀ ਜੀ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਸ ਵਾਲਿਆਂ ਨੂੰ ਪਾਣੀ ਪਿਆਉਣ। ਲੋੜ ਪੈਣ ’ਤੇ ਉਨ੍ਹਾਂ ਦੀਆਂ ਬੋਤਲਾਂ ਵੀ ਭਰ ਦੇਣ। ਰਾਜਸਥਾਨ ਵਿਚ ਸਫਾਈ ਕਾਮਿਆਂ ਤੋਂ ਸਵੇਰੇ 5 ਵਜੇ ਤੋਂ 10 ਵਜੇ ਤਕ ਕੰਮ ਲੈਣ ਲਈ ਕਿਹਾ ਗਿਆ ਹੈ। ਪੰਜਾਬ, ਮੱਧ ਪ੍ਰਦੇਸ਼ ਤੇ ਦਿੱਲੀ ਵਿਚ ਡਾਕਟਰਾਂ ਨੇ ਮਰੀਜ਼ਾਂ ਤੇ ਬਜ਼ੁਰਗਾਂ ਨੂੰ ਦਿਨੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਆਗਰਾ, ਭੋਪਾਲ, ਜੋਧਪੁਰ, ਲਖਨਊ ਤੇ ਕਈ ਹੋਰਨਾਂ ਸ਼ਹਿਰਾਂ ’ਚ ਚੁਰਾਹਿਆਂ ’ਤੇ ਟੈਂਟ ਲਾਏ ਗਏ ਹਨ, ਤਾਂਕਿ ਲੋਕਾਂ ਨੂੰ ਸਿਗਨਲ ਦੀ ਉਡੀਕ ਦੌਰਾਨ ਰਾਹਤ ਮਿਲ ਸਕੇ। ਸੈਂਟਰਲ ਵਾਟਰ ਕਮਿਸ਼ਨ ਨੇ ਕਿਹਾ ਹੈ ਕਿ 150 ਵੱਡੇ ਜਲ ਸਰੋਤਾਂ ਵਿਚ ਪਾਣੀ ਪਿਛਲੇ ਹਫਤੇ ਪੰਜ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਇਸ ਕਰਕੇ ਕਈ ਰਾਜਾਂ ਵਿਚ ਪਾਣੀ ਦੀ ਕਿੱਲਤ ਹੋ ਰਹੀ ਹੈ ਤੇ ਬਿਜਲੀ ਦੀ ਪੈਦਾਵਾਰ ਘੱਟ ਹੋ ਰਹੀ ਹੈ।
ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਰਾਜਸਥਾਨ, ਪੱਛਮੀ ਉਤਰ ਪ੍ਰਦੇਸ਼ ਅਤੇ ਗੁਜਰਾਤ ਰਾਜਾਂ ਲਈ ਗਰਮੀ ਹੋਰ ਵਧਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮਾਹਰਾਂ ਦੇ ਅਨੁਸਾਰ 29 ਮਈ ਤਕ ਅੱਤ ਦੀ ਗਰਮੀ ਪਏਗੀ।