ਕੋਲਕਾਤਾ : ਪੱਛਮੀ ਬੰਗਾਲ ‘ਚ ਤਿ੍ਣਮੂਲ ਕਾਂਗਰਸ ਦੀ ਸਰਕਾਰ ‘ਚ ਮੰਤਰੀ ਪਾਰਥ ਚੈਟਰਜੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ | ਉਨ੍ਹਾ ਦੇ ਮੰਤਰਾਲਿਆਂ ਨੂੰ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦੇਖਣਗੇ | ਇਸ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਵੀਰਵਾਰ ਮੰਗ ਕੀਤੀ ਕਿ ਐੱਸ ਐੱਸ ਸੀ ਘਪਲੇ ਦੀ ਜਾਂਚ ਦੇ ਸੰਬੰਧ ‘ਚ ਗਿ੍ਫਤਾਰ ਪਾਰਥ ਚੈਟਰਜੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ | ਪਾਰਟੀ ਦੇ ਬੁਲਾਰੇ ਨੇ ਟਵੀਟ ਕੀਤਾ—ਪਾਰਥ ਚੈਟਰਜੀ ਨੂੰ ਤੁਰੰਤ ਮੰਤਰੀ ਮੰਡਲ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ ਹੈ | ਜੇ ਮੇਰਾ ਬਿਆਨ ਗਲਤ ਲੱਗੇ ਤਾਂ ਪਾਰਟੀ ਮੈਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਵੀ ਹੱਕ ਰੱਖਦੀ ਹੈ | ਮੈਂ ਤਿ੍ਣਮੂਲ ਕਾਂਗਰਸ ਦੇ ਸਿਪਾਹੀ ਵਾਂਗ ਕੰਮ ਕਰਦਾ ਰਹਾਂਗਾ | ਇਸੇ ਦੌਰਾਨ ਈ ਡੀ ਨੇ ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ਤੋਂ 27.9 ਕਰੋੜ ਰੁਪਏ ਤੇ 6 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ | ਮੁਖਰਜੀ ਨੂੰ ਪਾਰਥ ਚੈਟਰਜੀ ਦਾ ਕਰੀਬੀ ਮੰਨਿਆ ਜਾਂਦਾ ਹੈ | ਅਧਿਕਾਰੀਆਂ ਨੇ ਸਵੇਰੇ ਦੱਸਿਆ ਕਿ ਬੁੱਧਵਾਰ ਬੇਲਘਾਰੀਆ ਦੇ ਅਪਾਰਟਮੈਂਟ ਤੋਂ ਨਕਦੀ ਬਰਾਮਦ ਕੀਤੀ ਗਈ ਸੀ ਅਤੇ ਰਾਤ ਭਰ ਦੀ ਗਿਣਤੀ ਤੋਂ ਬਾਅਦ ਇਹ 27.90 ਕਰੋੜ ਰੁਪਏ ਨਿਕਲੇ | ਉਨ੍ਹਾਂ ਕਿਹਾ ਕਿ ਜਾਂਚ ਟੀਮ ਸੋਨੇ ਦੇ ਗਹਿਣਿਆਂ ਦੀ ਕੀਮਤ ਦਾ ਪਤਾ ਲਗਾ ਰਹੀ ਹੈ | ਜਾਂਚ ਏਜੰਸੀ ਨੇ ਪੰਜ ਦਿਨ ਪਹਿਲਾਂ ਦੱਖਣੀ ਕੋਲਕਾਤਾ ਦੇ ਟਾਲੀਗੰਜ ਇਲਾਕੇ ‘ਚ ਮੁਖਰਜੀ ਦੇ ਇਕ ਹੋਰ ਫਲੈਟ ਤੋਂ ਗਹਿਣੇ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 21 ਕਰੋੜ ਦੀ ਨਕਦੀ ਬਰਾਮਦ ਕੀਤੀ ਸੀ |