47 C
Jalandhar
Friday, June 14, 2024
spot_img

ਬਲੱਡ ਸੈਂਪਲ ਬਦਲਣ ’ਤੇ ਦੋ ਡਾਕਟਰ ਗਿ੍ਰਫਤਾਰ

ਪੁਣੇ : ਪੁਲਸ ਦੀ ਕ੍ਰਾਈਮ ਬਰਾਂਚ ਨੇ ਇੱਥੇ ਕਾਰ ਨਾਲ ਟੱਕਰ ਮਾਰ ਕੇ ਦੋ ਜਣਿਆਂ ਨੂੰ ਮਾਰਨ ਦੇ ਸੰਬੰਧ ’ਚ ਖੂਨ ਦਾ ਨਮੂਨਾ ਬਦਲਣ ਦੇ ਦੋਸ਼ ’ਚ ਸਸੂਨ ਸਰਵੋਪਾਚਾਰ ਹਸਪਤਾਲ ਦੇ ਦੋ ਡਾਕਟਰਾਂ ਅਜੈ ਤਾਵੜੇ ਤੇ ਸ੍ਰੀਹਰੀ ਹੈਲਨੌਰ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਨਾਬਾਲਗ ਮੁਲਜ਼ਮ ਦੇ ਪਿਤਾ ਵਿਸ਼ਾਲ ਅਗਰਵਾਲ ਨੇ ਡਾਕਟਰਾਂ ਨੂੰ ਖੂਨ ਦਾ ਨਮੂਨਾ ਬਦਲਣ ਲਈ ਰਿਸ਼ਵਤ ਦਿੱਤੀ। ਡਾਕਟਰਾਂ ਨੇ ਅਸਲ ਨਮੂਨਾ ਕੂੜੇਦਾਨ ਵਿਚ ਸੁੱਟ ਦਿੱਤਾ ਤੇ ਕਿਸੇ ਹੋਰ ਬੰਦੇ ਦਾ ਨਮੂਨਾ ਲੈ ਕੇ ਰਿਪੋਰਟ ਤਿਆਰ ਕਰ ਦਿੱਤੀ, ਤਾਂ ਜੋ ਨਾਬਾਲਗ ਦੇ ਨਸ਼ੇ ਵਿਚ ਹੋਣ ਦੀ ਗੱਲ ਲੁਕਾਈ ਜਾ ਸਕੇ। ਕਮਿਸ਼ਨਰ ਨੇ ਕਿਹਾ ਕਿ ਘਟਨਾ ਦੇ ਬਾਅਦ ਨਾਬਾਲਗ ਦੇ ਦੋ ਅਲਕੋਹਲ ਬਲੱਡ ਟੈੱਸਟ ਦੋ ਵੱਖ-ਵੱਖ ਹਸਪਤਾਲਾਂ ਵਿਚ ਕਰਾਏ ਗਏ ਸਨ। ਸਸੂਨ ਹਸਪਤਾਲ ਦੀ ਰਿਪੋਰਟ ਨੈਗੇਟਿਵ ਆਈ, ਜਦਕਿ ਦੂਜੇ ਹਸਪਤਾਲ ਦੀ ਪਾਜ਼ੀਟਿਵ, ਜਿਸ ਵਿਚ ਨਸ਼ੇ ਦੀ ਪੁਸ਼ਟੀ ਹੋਈ। ਪੱਬ ਦੇ ਸੀ ਸੀ ਟੀ ਵੀ ਵਿਚ ਵੀ ਉਹ ਸ਼ਰਾਬ ਪੀਂਦਾ ਨਜ਼ਰ ਆਇਆ ਸੀ। ਦੂਜੇ ਹਸਪਤਾਲ ਦੀ ਰਿਪੋਰਟ ਮਿਲਣ ’ਤੇ ਸਸੂਨ ਹਸਪਤਾਲ ਦੀ ਰਿਪੋਰਟ ’ਤੇ ਸ਼ੱਕ ਪਿਆ। ਪੁੱਛਗਿੱਛ ’ਚ ਡਾ. ਹੈਲਨੋਰ ਨੇ ਨਮੂਨਾ ਬਦਲਣ ਦੀ ਗੱਲ ਮੰਨ ਲਈ। ਪੁਲਸ ਉਸ ਬੰਦੇ ਨੂੰ ਵੀ ਲੱਭ ਰਹੀ ਹੈ, ਜਿਸ ਦੇ ਖੂਨ ਨਾਲ ਰਿਪੋਰਟ ਬਣਾਈ ਗਈ। ਹੁਣ ਤੱਕ ਮਾਮਲੇ ਵਿਚ 9 ਲੋਕ ਫੜੇ ਜਾ ਚੁੱਕੇ ਹਨ। 18-19 ਮਈ ਦੀ ਰਾਤ 17 ਸਾਲ 8 ਮਹੀਨੇ ਦੇ ਮੁਲਜ਼ਮ ਨੇ ਲਗਜ਼ਰੀ ਪੋਰਸ਼ ਕਾਰ ਨਾਲ ਬਾਈਕ ਸਵਾਰ ਮੁੰਡੇ ਤੇ ਕੁੜੀ ਨੂੰ ਟੱਕਰ ਮਾਰੀ ਸੀ। ਹਾਦਸੇ ਵਿਚ ਆਈ ਟੀ ਸੈਕਟਰ ’ਚ ਕੰਮ ਕਰਨ ਵਾਲੇ 24 ਸਾਲਾ ਅਨੀਸ਼ ਅਵਧੀਆ ਤੇ ਅਸ਼ਵਨੀ ਕੋਸ਼ਟਾ ਦੀ ਮੌਕੇ ’ਤੇ ਮੌਤ ਹੋ ਗਈ ਸੀ। ਉਦੋਂ ਕਾਰ 200 ਕਿੱਲੋਮੀਟਰ ਦੀ ਸਪੀਡ ’ਤੇ ਸੀ। ਮੁਲਜ਼ਮ ਦੇ ਦਾਦਾ ਸੁਰਿੰਦਰ ਅਗਰਵਾਲ ਨੇ 23 ਮਈ ਨੂੰ ਦਾਅਵਾ ਕੀਤਾ ਸੀ ਕਿ ਕਾਰ ਫੈਮਿਲੀ ਡਰਾਈਵਰ ਚਲਾ ਰਿਹਾ ਸੀ। ਮੁਲਜ਼ਮ ਦੇ ਪਿਤਾ ਵਿਸ਼ਾਲ ਨੇ ਵੀ ਇਹੀ ਗੱਲ ਕਹੀ ਸੀ। ਪੁੱਛਗਿੱਛ ਵਿਚ ਡਰਾਈਵਰ ਨੇ ਵੀ ਪਹਿਲਾਂ ਖੁਦ ਕਾਰ ਚਲਾਉਣ ਦੀ ਗੱਲ ਮੰਨ ਲਈ ਸੀ। ਹਾਲਾਂਕਿ ਕ੍ਰਾਈਮ ਬਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਨੂੰ ਫਸਾਉਣ ਦੀ ਸਾਜ਼ਿਸ਼ ਪਿਤਾ ਤੇ ਦਾਦਾ ਨੇ ਰਚੀ ਸੀ। ਡਰਾਈਵਰ ਦੀ ਸ਼ਿਕਾਇਤ ’ਤੇ ਪੁਲਸ ਨੇ ਪਿਤਾ ਤੇ ਦਾਦਾ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ। ਪੁਲਸ ਨੇ ਪਹਿਲਾਂ ਪਿਤਾ ਨੂੰ ਬੇਟੇ ਨੂੰ ਬਿਨਾਂ ਲਸੰਸ ਗੱਡੀ ਚਲਾਉਣ ਦੀ ਆਗਿਆ ਦੇਣ ਦੇ ਦੋਸ਼ ਵਿਚ 21 ਨੂੰ ਗਿ੍ਰਫਤਾਰ ਕੀਤਾ ਸੀ। ਦਾਦਾ ਨੂੰ 25 ਮਈ ਨੂੰ ਗਿ੍ਰਫਤਾਰ ਕੀਤਾ ਸੀ।
ਕ੍ਰਾਈਮ ਬਰਾਂਚ ਦੇ ਅਧਿਕਾਰੀ ਮੁਤਾਬਕ ਦਾਦਾ ਤੇ ਪਿਤਾ ਨੇ ਬੇਟੇ ਨੂੰ ਬਚਾਉਣ ਲਈ ਡਰਾਈਵਰ ਨੂੰ ਫਸਾਉਣ ਦੀ ਸਾਜ਼ਿਸ਼ ਰਚੀ। 42 ਸਾਲਾ ਡਰਾਈਵਰ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਸੁਰਿੰਦਰ ਅਗਰਵਾਲ ਨੇ ਉਸ ਨੂੰ ਫੋਨ ਕੀਤਾ। ਉਹ ਫੋਨ ’ਤੇ ਚਿਲਾਏ। ਫਿਰ ਆਪਣੀ ਬੀ ਐੱਮ ਡਬਲਿਊ ਕਾਰ ਵਿਚ ਜਬਰੀ ਬਿਠਾ ਕੇ ਆਪਣੇ ਬੰਗਲੇ ਵਿਚ ਲੈ ਗਏ। ਉੱਥੇ 19-20 ਮਈ ਤੱਕ ਕੈਦ ਵਿਚ ਰੱਖਿਆ। ਪਿਤਾ ਤੇ ਦਾਦਾ ਨੇ ਉਸ ਦਾ ਮੋਬਾਈਲ ਖੋਹ ਲਿਆ। ਇਲਜ਼ਾਮ ਆਪਣੇ ਸਿਰ ਲੈਣ ਲਈ ਪੈਸੇ ਦਾ ਲਾਲਚ ਦਿੱਤਾ ਤੇ ਕਿਹਾ ਕਿ ਉਹ ਉਸ ਨੂੰ ਛੇਤੀ ਛੁਡਵਾ ਲੈਣਗੇ। ਦੋਹਾਂ ਨੇ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ। ਉਸ ਦੀ ਪਤਨੀ ਨੇ ਉਸ ਨੂੰ ਛੁਡਾਇਆ। ਪੁਲਸ ਨੇ ਇਸ ਮਾਮਲੇ ਵਿਚ ਦਾਦਾ-ਪਿਤਾ, ਦੋ ਡਾਕਟਰਾਂ ਅਤੇ ਪੱਬ ਦੇ ਮਾਲਕ, ਦੋ ਮੈਨੇਜਰਾਂ ਤੇ ਦੋ ਸਟਾਫ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੱਬ ਵਾਲਿਆਂ ’ਤੇ ਨਾਬਾਲਗ ਨੂੰ ਸ਼ਰਾਬ ਪਿਆਉਣ ਦਾ ਦੋਸ਼ ਹੈ। ਯਰਵਦਾ ਪੁਲਸ ਥਾਣੇ ਦੇ ਇੰਸਪੈਕਟਰ ਜਗਦਾਲੇ ਤੇ ਏ ਐੱਸ ਆਈ ਟੋਡਕਰੀ ਨੂੰ ਮੁਅੱਤਲ ਕੀਤਾ ਗਿਆ ਹੈ। ਇਹ 18-19 ਮਈ ਦੀ ਰਾਤ ਕਲਿਆਣੀ ਨਗਰ ਵਿਚ ਹਾਦਸੇ ਵਾਲੀ ਥਾਂ ਪੁੱਜੇ ਸੀ, ਪਰ ਇਸ ਦੀ ਕੰਟਰੋਲ ਰੂਮ ਨੂੰ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਮੁਲਜ਼ਮ ਨੂੰ ਮੈਡੀਕਲ ਕਰਾਉਣ ਲੈ ਕੇ ਗਏ।
19 ਮਈ ਨੂੰ ਹਾਦਸੇ ਦੇ 15 ਘੰਟੇ ਬਾਅਦ ਜੁਵੇਨਾਈਲ ਜਸਟਿਸ ਬੋਰਡ ਨੇ ਮਾਮੂਲੀ ਸ਼ਰਤਾਂ ’ਤੇ ਮੁਲਜ਼ਮ ਨੂੰ ਰਿਹਾਅ ਕਰ ਦਿੱਤਾ ਸੀ। ਸ਼ਰਤਾਂ ਇਹ ਲਾਈਆਂ ਸਨ ਕਿ ਉਹ ਸੜਕ ਹਾਦਸਿਆਂ ਬਾਰੇ 300 ਸ਼ਬਦਾਂ ਦਾ ਲੇਖ ਲਿਖੇ, 15 ਦਿਨ ਟ੍ਰੈਫਿਕ ਪੁਲਸ ਨਾਲ ਕੰਮ ਕਰੇ ਤੇ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਕਾਊਂਸਲਿੰਗ ਲਵੇ। ਪੁਣੇ ਪੁਲਸ ਨੇ ਜੁਵੇਨਾਈਲ ਬੋਰਡ ਨੂੰ ਕਿਹਾ ਕਿ ਅਪਰਾਧ ਬੇਹੱਦ ਗੰਭੀਰ ਹੈ, ਇਸ ਲਈ ਮੁਲਜ਼ਮ ’ਤੇ ਬਾਲਗ ਦੀ ਤਰ੍ਹਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਨੇ ਬੋਰਡ ਦੇ ਫੈਸਲੇ ਖਿਲਾਫ ਸੈਸ਼ਨ ਕੋਰਟ ਵਿਚ ਅਪੀਲ ਕੀਤੀ। ਕੋਰਟ ਨੇ ਪੁਲਸ ਨੂੰ ਬੋਰਡ ਕੋਲ ਨਜ਼ਰਸਾਨੀ ਪਟੀਸ਼ਨ ਕਰਨ ਲਈ ਕਿਹਾ। 22 ਮਈ ਨੂੰ ਬੋਰਡ ਨੇ ਨਾਬਾਲਗ ਨੂੰ ਫਿਰ ਤਲਬ ਕੀਤਾ ਤੇ 5 ਜੂਨ ਤੱਕ ਲਈ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ। ਮੁਲਜ਼ਮ ਦਾ ਪਿਤਾ ਪੁਣੇ ਦਾ ਨਾਮੀ ਬਿਲਡਰ ਹੈ। ਹਾਦਸੇ ਦੀ ਰਾਤ ਮੁਲਜ਼ਮ ਆਪਣੇ ਦੋਸਤਾਂ ਨਾਲ ਬਾਰ੍ਹਵੀਂ ਦੇ ਨਤੀਜੇ ਦਾ ਜਸ਼ਨ ਮਨਾਉਣ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles