ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਮੰਗਲਵਾਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਚਾਰ ਹੋਰਾਂ ਨੂੰ ਰਣਜੀਤ ਸਿੰਘ ਕਤਲ ਕੇਸ ’ਚ ਬਰੀ ਕਰ ਦਿੱਤਾ। ਪੰਚਕੂਲਾ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਅਕਤੂਬਰ 2021 ’ਚ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਲਈ ਦੋਸ਼ੀ ਠਹਿਰਾਉਣ ਤੋਂ ਬਾਅਦ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਡੇਰਾ ਮੁਖੀ ਨੇ ਕੇਂਦਰੀ ਜਾਂਚ ਬਿਊਰੋ ਅਤੇ ਹੋਰ ਪ੍ਰਤੀਵਾਦੀਆਂ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਸੀ। ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਕੁਰੂਕਸ਼ੇਤਰ ਦੇ ਪਿੰਡ ਖਾਨਪੁਰ ਕੋਲੀਆਂ ਵਿਖੇ ਚਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਬਰੀ ਹੋਣ ਦੇ ਬਾਵਜੂਦ ਡੇਰਾ ਮੁਖੀ ਜੇਲ੍ਹ ਵਿਚ ਹੀ ਰਹੇਗਾ ਕਿਉਕਿ ਉਸ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਅਤੇ ਸਾਧਵੀ ਜਬਰ-ਜ਼ਨਾਹ ਕੇਸ ’ਚ ਵੀ ਸਜ਼ਾ ਹੋਈ ਸੀ।
ਰਣਜੀਤ ਕਤਲ ਮਾਮਲੇ ’ਚ ਸਿਰਸਾ ਡੇਰਾ ਮੁਖੀ ਨੂੰ ਰਾਹਤ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੂਲ ਛਤਰਪਤੀ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਉਨ੍ਹਾ ਲਈ ਦੁੱਖਦਾਈ ਹੈ। ਪੀੜਤ ਪਰਿਵਾਰ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਛਤਰਪਤੀ ਨੇ ਕਿਹਾ ਕਿ ਕਾਫੀ ਲੰਮੀ ਜੱਦੋਜਹਿਦ ਮਗਰੋਂ ਪੀੜਤ ਪਰਿਵਾਰ ਨੂੰ ਨਿਆਂ ਮਿਲਿਆ ਸੀ ਪਰ ਹੁਣ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਉਨ੍ਹਾ ਕਿਹਾ ਕਿ ਇਹ ਉਨ੍ਹਾ ਲਈ ਬਹੁਤ ਹੀ ਪੀੜਾ ਦੇਣ ਵਾਲਾ ਹੈ।




