ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਮੁੰਗੇਸ਼ਪੁਰ ਵਿਚ ਬੁੱਧਵਾਰ ਕਰੀਬ ਢਾਈ ਵਜੇ ਤਾਪਮਾਨ 52.3 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਮੰਗਲਵਾਰ ਇੱਥੇ ਤਾਪਮਾਨ ਮੁੰਗੇਸ਼ਪੁਰ ਤੇ ਉੱਤਰੀ ਦਿੱਲੀ ਦੇ ਨਰੇਲਾ ਵਿਚ 49.9 ਡਿਗਰੀ ਰਿਹਾ ਸੀ। ਇਸੇ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ 30 ਮਈ ਨੂੰ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ’ਚ ਮੀਂਹ ਪੈ ਸਕਦਾ ਹੈ।
ਸ਼ੇਅਰ ਬਾਜ਼ਾਰ ਡਿੱਗਿਆ
ਨਵੀਂ ਦਿੱਲੀ : ਸਟਾਕ ਮਾਰਕੀਟ ਦੇ ਦੋਵੇਂ ਸੂਚਕ ਅੰਕ ਬੁੱਧਵਾਰ ਹੇਠਲੇ ਪੱਧਰ ’ਤੇ ਬੰਦ ਹੋਏ। ਲੋਕ ਸਭਾ ਚੋਣ ਦੇ ਨਤੀਜਿਆਂ ਬਾਰੇ ਬੇਯਕੀਨੀ ਕਾਰਨ ਨਿਵੇਸ਼ਕ ਨਿਰਾਸ਼ ਹਨ। ਸੈਂਸੇਕਸ 667.55 ਅੰਕ ਜਾਂ 0.89 ਫੀਸਦੀ ਦੀ ਗਿਰਾਵਟ ਨਾਲ 74,502.90 ’ਤੇ ਬੰਦ ਹੋਇਆ। ਨਿਫਟੀ 183.45 ਅੰਕ ਜਾਂ 0.8 ਫੀਸਦੀ ਡਿੱਗ ਕੇ 22,704.70 ’ਤੇ ਆ ਗਿਆ।
ਸਾਬਕਾ ਬੈਂਕਰ ਨੂੰ ਮੌਤ ਦੀ ਸਜ਼ਾ
ਬੀਜਿੰਗ : ਚੀਨ ਦੀ ਅਦਾਲਤ ਨੇ ਸਾਬਕਾ ਬੈਂਕਰ ਨੂੰ 1.51 ਕਰੋੜ ਡਾਲਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ, ਜੋ ਆਪਣੇ ਆਪ ਵਿਚ ਦੁਰਲੱਭ ਮਾਮਲਾ ਹੈ। ਚਾਇਨਾ ਹੁਆਰੌਂਗ ਇੰਟਰਨੈਸ਼ਨਲ ਹੋਲਡਿੰਗਜ਼ ਦੇ ਸਾਬਕਾ ਜਨਰਲ ਮੈਨੇਜਰ ਬਾਈ ਤਿਆਨਹੁਈ ਨੂੰ ਤਿਆਨਜਿਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ। ਬਾਈ ਤੋਂ ਉਸ ਦੇ ਜੀਵਨ ਭਰ ਦੇ ਰਾਜਨੀਤਕ ਅਧਿਕਾਰਾਂ ਨੂੰ ਵੀ ਖੋਹ ਲਿਆ ਗਿਆ ਹੈ ਅਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਉਸ ਦੀ ਗੈਰ-ਕਾਨੂੰਨੀ ਆਮਦਨ ਬਰਾਮਦ ਕਰਕੇ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਈ ਜਾਵੇਗੀ।