ਨਵੀਂ ਦਿੱਲੀ : ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਦੇ ਮੂੰਹੋਂ ਨਿਕਲੇ ‘ਰਾਸ਼ਟਰਪਤਨੀ’ ਸ਼ਬਦ ‘ਤੇ ਵੀਰਵਾਰ ਲੋਕ ਸਭਾ ਪਾਟਣ ‘ਤੇ ਆ ਗਈ | ਭਾਜਪਾ ਦੀਆਂ ਮਹਿਲਾ ਮੈਂਬਰਾਂ ਨੇ ਇਹ ਕਹਿੰਦਿਆਂ ਚੌਧਰੀ ਦੀ ਥਾਂ ਸੋਨੀਆ ਗਾਂਧੀ ‘ਤੇ ਜ਼ਬਰਦਸਤ ਹਮਲਾ ਕੀਤਾ ਕਿ ਉਨ੍ਹਾ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਬੇਇੱਜ਼ਤੀ ਕਰਵਾਈਓ ਹੈ ਤੇ ਉਹ ਕਾਂਗਰਸ ਦੇਸ਼ ਤੋਂ ਮੁਆਫੀ ਮੰਗੇ | ਮੰਤਰੀ ਸਿਮਰਤੀ ਈਰਾਨੀ ਨੇ ਦਹਾੜਦਿਆਂ ਕਿਹਾ—ਸੋਨੀਆ ਗਾਂਧੀ, ਤੁਸੀਂ ਦਰੋਪਦੀ ਮੁਰਮੂ ਦੀ ਬੇਇੱਜ਼ਤੀ ਨੂੰ ਪ੍ਰਵਾਨਗੀ ਦਿੱਤੀ | ਸੋਨੀਆ ਜੀ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ‘ਤੇ ਬੈਠੀ ਮਹਿਲਾ ਦੀ ਬੇਇੱਜ਼ਤੀ ਦੀ ਪ੍ਰਵਾਨਗੀ ਦਿੱਤੀ |
ਕੇਂਦਰੀ ਵਿੱਤ ਮੰਤਰੀ, ਜਿਨ੍ਹਾ ਦੇ ਕੋਰੋਨਾ ਕਰਕੇ ਬਿਮਾਰ ਹੋਣ ਕਰਕੇ ਸੰਸਦ ਵਿਚ ਮਹਿੰਗਾਈ ਉਤੇ ਦੋ ਹਫਤਿਆਂ ਤੋਂ ਬਹਿਸ ਟਲਦੀ ਆ ਰਹੀ ਹੈ, ਨੇ ਰਾਜ ਸਭਾ ਵਿਚ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ—ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਹਿਣ ਦੀ ਆਗਿਆ ਦੇਣ ਲਈ ਰਾਸ਼ਟਰ ਤੋਂ ਅਵੱਸ਼ ਮੁਆਫੀ ਮੰਗਣ | ਉਨ੍ਹਾ ਇਹ ਵੀ ਕਿਹਾ ਕਿ ਇਹ ਜ਼ਬਾਨ ਦਾ ਟੱਪਲਾ ਖਾਣਾ ਨਹੀਂ, ਸਗੋਂ ਜਾਣਬੁੱਝ ਕੇ ਰਾਸ਼ਟਰਪਤੀ ਦੀ ਬੇਇੱਜ਼ਤੀ ਕੀਤੀ ਗਈ ਹੈ | ਇਸੇ ਦੌਰਾਨ ਸੰਸਦ ਦੇ ਬਾਹਰ ਚੌਧਰੀ ਨੇ ਕਿਹਾ ਕਿ ਉਨ੍ਹਾ ਦੇ ਮੂੰਹੋਂ ਗਲਤੀ ਨਾਲ ਸ਼ਬਦ ਨਿਕਲ ਗਿਆ ਅਤੇ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਇਸ ਨੂੰ ਚੁੱਕ ਰਹੀ ਹੈ | ਉਨ੍ਹਾ ਇਹ ਵੀ ਕਿਹਾ ਕਿ ਰਾਸ਼ਟਰਪਤੀ ਅਹੁਦੇ ‘ਤੇ ਚਾਹੇ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਬੈਠੇ, ਉਹ ਉਸ ਦਾ ਪੂਰਾ ਸਤਿਕਾਰ ਕਰਦੇ ਹਨ | ਉਨ੍ਹਾ ਕਿਹਾ—ਮੈਂ ਬੰਗਾਲੀ ਹਾਂ, ਹਿੰਦੀ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ, ਮੈਂ ਗਲਤੀ ਕੀਤੀ ਹੈ ਤੇ ਮੈਂ ਇਸ ਨੂੰ ਮੰਨਦਾ ਹਾਂ | ਰਾਸ਼ਟਰਪਤੀ ਤੋਂ ਸਮਾਂ ਮੰਗਿਆ ਹੈ | ਉਨ੍ਹਾ ਤੋਂ ਮੁਆਫੀ ਮੰਗਾਂਗਾ, ਪਰ ਇਨ੍ਹਾਂ ‘ਪਖੰਡੀਆਂ’ ਤੋਂ ਨਹੀਂ | ਜੇ ਬਾਹਲੀ ਗੱਲ ਹੈ ਤਾਂ ਮੈਨੂੰ ਫਾਹੇ ਲਾ ਦਿਓ |
ਚੌਧਰੀ ਨੇ ਕਿਹਾ—ਬੁੱਧਵਾਰ ਅਸੀਂ ਵਿਜੇ ਚੌਕ ਵਿਚ ਪ੍ਰੋਟੈੱਸਟ ਕਰ ਰਹੇ ਸੀ | ਪੱਤਰਕਾਰਾਂ ਨੇ ਪੁੱਛਿਆ ਕਿ ਅਸੀਂ ਕਿਥੇ ਜਾਣਾ ਹੈ | ਗਲਤੀ ਨਾਲ ਮੇਰੇ ਮੂੰਹੋਂ ਨਿਕਲ ਗਿਆ ਕਿ ਰਾਸ਼ਟਰਪਤਨੀ ਕੋਲ ਜਾਣਾ ਹੈ | ਮੈਂ ਇੱਕੋ ਵਾਰ ਰਾਸ਼ਟਰਪਤਨੀ ਕਿਹਾ, ਜਦਕਿ ਤਿੰਨ ਵਾਰ ਰਾਸ਼ਟਰਪਤੀ ਕਿਹਾ | ਮੈਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਦੀ ਵੀਡੀਓ ਨਾ ਦਿਖਾਉਣ, ਪਰ ਪੱਤਰਕਾਰਾਂ ਨੇ ਵੀਡੀਓ ਚਲਾ ਦਿੱਤੀ |
ਹੰਗਾਮੇ ਕਾਰਨ ਜਦੋਂ ਲੋਕ ਸਭਾ ਉਠਾ ਦਿੱਤੀ ਗਈ ਤਾਂ ਸੋਨੀਆ ਗਾਂਧੀ ਭਾਜਪਾ ਦੀ ਸੀਨੀਅਰ ਮੈਂਬਰ ਰਮਾ ਦੇਵੀ, ਜਿਹੜੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਦੀ ਗੈਰ-ਮੌਜੂਦਗੀ ਵਿਚ ਸਦਨ ਦੀ ਪ੍ਰਧਾਨਗੀ ਵੀ ਕਰਦੇ ਹਨ, ਕੋਲ ਗਏ ਤੇ ਕਿਹਾ—ਅਧੀਰ ਰੰਜਨ ਚੌਧਰੀ ਨੇ ਮੁਆਫੀ ਮੰਗ ਲਈ ਹੈ, ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਘਸੀਟਿਆ ਜਾ ਰਿਹਾ ਹੈ | ਇਸੇ ਦੌਰਾਨ ਸਿਮਰਤੀ ਈਰਾਨੀ ਤੇ ਹੋਰ ਭਾਜਪਾ ਮੈਂਬਰ ਉਥੇ ਪੁੱਜ ਕੇ ਨਾਅਰੇਬਾਜ਼ੀ ਕਰਨ ਲੱਗੇ |
ਮੈਂਬਰਾਂ ਤੋਂ ਪਤਾ ਲੱਗਿਆ ਕਿ ਸੋਨੀਆ ਗਾਂਧੀ ਨੇ ਈਰਾਨੀ ਨੂੰ ਕਿਹਾ—ਮੇਰੇ ਨਾਲ ਗੱਲ ਨਾ ਕਰੋ | ਇਸ ਤੋਂ ਬਾਅਦ ਈਰਾਨੀ ਨੇ ਸੋਨੀਆ ਵੱਲ ਉਂਗਲ ਕਰਦਿਆਂ ਕਿਹਾ—ਤੁਸੀਂ ਇਹ ਕਹਿਣ ਦੀ ਹਿੰਮਤ ਕਿਵੇਂ ਕੀਤੀ, ਚੱਜ ਨਾਲ ਵਿਹਾਰ ਕਰੋ, ਇਹ ਤੁਹਾਡਾ ਪਾਰਟੀ ਦਫਤਰ ਨਹੀਂ | ਫਿਰ ਸੋਨੀਆ ਨੇ ਕਿਹਾ—ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ |
ਜਦੋਂ ਭਾਜਪਾ ਮੈਂਬਰ ਰਮਾ ਦੇਵੀ ਤੇ ਸੋਨੀਆ ਦੁਆਲੇ ਇਕੱਠੇ ਹੋ ਗਏ ਤਾਂ ਐੱਨ ਸੀ ਪੀ ਦੀ ਸੁਪਿ੍ਆ ਸੂਲੇ ਤੇ ਤਿ੍ਣਮੂਲ ਦੀ ਅਪਰੂਪਾ ਪੋਦਾਰ ਸੋਨੀਆ ਨੂੰ ਐਸਕਾਰਟ ਕਰਕੇ ਦੂਰ ਲੈ ਗਈਆਂ | ਇਹ ਸਭ ਕੁਝ ਦੇਖਣ ਵਾਲੀ ਤਿ੍ਣਮੂਲ ਕਾਂਗਰਸ ਦੀ ਮਹੁਆ ਮੋਇਤਰਾ ਨੇ ਟਵੀਟ ਕੀਤਾ—ਲੋਕ ਸਭਾ ਵਿਚ 75 ਸਾਲ ਦੀ ਮਹਿਲਾ (ਸੋਨੀਆ) ਗਾਂਧੀ ਨੂੰ ਬਘਿਆੜਾਂ ਵਾਂਗ ਘੇਰ ਲਿਆ ਗਿਆ, ਜਦੋਂ ਉਹ ਇਕ ਹੋਰ ਸੀਨੀਅਰ ਆਗੂ (ਰਮਾ ਦੇਵੀ) ਕੋਲ ਗੱਲ ਕਰਨ ਗਈ | ਕਾਂਗਰਸ ਨੇ ਕਿਹਾ ਕਿ ਭਾਜਪਾ ਮੈਂਬਰਾਂ ਨੇ ਸੋਨੀਆ ਗਾਂਧੀ ਉੱਤੇ ਜਿਸ ਤਰ੍ਹਾਂ ਧਾਵਾ ਬੋਲਿਆ, ਉਸ ਨਾਲ ਉਹ ਜ਼ਖਮੀ ਹੋ ਸਕਦੇ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਮਰਤੀ ਈਰਾਨੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ | ਉਧਰ ਰਮਾ ਦੇਵੀ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਵੱਲੋਂ ਸਿਮਰਤੀ ਈਰਾਨੀ ਨੂੰ ਗੁੱਸੇ ਭਰੇ ਅੰਦਾਜ਼ ਵਿਚ ਬੋਲਣ ਨਾਲ ਮਾਮਲਾ ਵਿਗੜਿਆ |