ਖਡੂਰ ਸਾਹਿਬ : ਸੀ ਪੀ ਆਈ ਤੇ ਸੀ ਪੀ ਐੱਮ ਦੇ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਖੇਤ ਮਜ਼ਦੂਰ ਸਭਾ ਦੇ ਆਗੂ ਸੁਖਦੇਵ ਸਿੰਘ ਕੋਟ ਧਰਮ ਚੰਦ, ਬਲਜੀਤ ਸਿੰਘ ਫਤਿਆਬਾਦ, ਪੰਜਾਬ ਕਿਸਾਨ ਸਭਾ ਦੇ ਆਗੂਆਂ ਬਲਦੇਵ ਸਿੰਘ ਧੂੰਦਾ ਤੇ ਦਰਸ਼ਨ ਸਿੰਘ ਬਿਹਾਰੀਪੁਰ ਦੀ ਅਗਵਾਈ ਹੇਠ ਗੁਰੂਆਂ ਦੀ ਧਰਤੀ ਖਡੂਰ ਸਾਹਿਬ ਵਿਖੇ ਰੋਡ ਸ਼ੋਅ ਕੀਤਾ।ਦੁਕਾਨਦਾਰ ਭਰਾਵਾਂ, ਕੰਮਕਾਰ ਲਈ ਆਏ ਹੋਏ ਲੋਕਾਂ ਤੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਆਈ ਸਾਧ ਸੰਗਤ ਨੇ ਗੁਰਦਿਆਲ ਸਿੰਘ ਨੂੰ ਜੀ ਆਇਆਂ ਕਿਹਾ ਤੇ ਵੋਟਾਂ ਵਿੱਚ ਭਰਪੂਰ ਸਾਥ ਦੇਣ ਦਾ ਯਕੀਨ ਦਵਾਇਆ। ਇਸ ਮੌਕੇ ਆਪਣੇ ਵਰਕਰਾਂ ਤੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਗੁਰਦਿਆਲ ਸਿੰਘ ਇੱਕ ਹੋਣਹਾਰ ਇਨਸਾਨ ਹੈ। ਇਸ ਦੇ ਦੁਆਰ ’ਤੇ ਕੋਈ ਵੀ ਦੁਖਿਆਰਾ ਕੰਮ ਲੈ ਕੇ ਆਇਆ, ਇਸ ਨੇ ਉਸ ਦਾ ਕੰਮ ਕਰਾਇਆ ਹੈ। ਗੁਰਦਿਆਲ ਸਿੰਘ ਨੇ ਕੰਮਕਾਰ ਲਈ ਆਏ ਵਿਅਕਤੀ ਨੂੰ ਕਦੇ ਨਹੀਂ ਪੁੱਛਿਆ ਕਿ ਉਹ ਕਿਹੜੀ ਸਿਆਸੀ ਪਾਰਟੀ ਨਾਲ ਹੈ, ਬਸ ਉਹ ਤਾਂ ਦੁਖਿਆਰੇ ਦਾ ਕੰਮ ਕਰਦਾ ਹੈ। ਕੰਮ ਜਾਂ ਗੁਰਦਿਆਲ ਸਿੰਘ ਦੇ ਵਿਹਾਰ ਨੂੰ ਵੇਖ ਕੇ ਉਹ ਆਪਣੇ ਆਪ ਹੀ ਸੀ ਪੀ ਆਈ ਵਿੱਚ ਸ਼ਮੂਲੀਅਤ ਕਰ ਲੈਂਦਾ ਹੈ।ਇਸ ਲਈ ਭਰਾਵੋ ਗੁਰਦਿਆਲ ਸਿੰਘ ਵੱਲੋਂ ਲੁਕਾਈ ਦੇ ਕੀਤੇ ਕੰਮਕਾਰ ਅਤੇ ਉਸ ਦੇ ਲੋਕਾਂ ਵਿੱਚ ਵਿਚਰਨ ਦੀ ਯੋਗਤਾ ਨੂੰ ਦੇਖਦਿਆਂ ਹੋਇਆਂ ਇੱਕ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਕਰੋ।
ਗੁਰਦਿਆਲ ਸਿੰਘ ਨੇ ਕਿਹਾ ਕਿ ਉਹ ਲੋਕ ਸਭਾ ਵਿੱਚ ਪਹੁੰਚ ਕੇ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਦੇ ਰੁਜ਼ਗਾਰ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਸੰਸਦ ਵਿੱਚ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗਾ। ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਪੜ੍ਹਿਆਂ ਤੇ ਅਨਪੜਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਮਿਲੇਗੀ। ਹਰੇਕ ਬੱਚੇ ਦੀ ਵਿਦਿਆ ਮੁਫ਼ਤ ਤੇ ਲਾਜ਼ਮੀ ਲਈ ਵੀ ਪਾਰਲੀਮੈਂਟ ਵਿੱਚ ਕਾਨੂੰਨ ਬਣਾਇਆ ਜਾਵੇਗਾ, ਤਾਂ ਜੋ ਗਰੀਬਾਂ ਦੇ ਬੱਚੇ ਬਾਲ ਅਵਸਥਾ ਵਿੱਚ ਮਜ਼ਦੂਰੀ ਕਰਨ ਦੀ ਥਾਂ ਵਿਦਿਆ ਲੈ ਸਕਣ। ਗਰੀਬਾਂ ਨੂੰ ਮੁਫ਼ਤ ਘਰ ਬਣਾ ਕੇ ਦੇਣ ਲਈ ਆਵਾਜ਼ ਉਠਾਈ ਜਾਵੇਗੀ। ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤ ਮਿਲੇਗੀ। ਨਰੇਗਾ ਕਾਨੂੰਨ ਸਾਲ ਵਿੱਚ 200 ਦਿਨ ਤੇ ਦਿਹਾੜੀ 700 ਰੁਪਏ ਕਰਾਉਣ ਦਾ ਸੰਘਰਸ਼ ਲੋਕ ਸਭਾ ਦੇ ਅੰਦਰ ਤੇ ਬਾਹਰ ਲੜਿਆ ਜਾਵੇਗਾ। ਬੁਢਾਪਾ, ਵਿਧਵਾ, ਅੰਗਹੀਣ ਤੇ ਬੇਸਹਾਰਿਆਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਤੇ ਲਗਾਤਾਰਤਾ ਕਾਇਮ ਕੀਤੀ ਜਾਵੇਗੀ। ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਕਿਸਾਨਾਂ ਦੀਆਂ ਫਸਲਾਂ ’ਤੇ ਐੱਮ ਐੱਸ ਪੀ ਲਾਗੂ ਕੀਤੀ ਜਾਵੇਗੀ।ਇਸ ਮੌਕੇ ਕੁਲਵੰਤ ਸਿੰਘ ਪੰਚਾਇਤ ਮੈਂਬਰ ਖਡੂਰਸਾਹਿਬ, ਹੀਰਾ ਸਿੰਘ ਖਡੂਰ ਸਾਹਿਬ, ਜਸਵੰਤ ਸਿੰਘ, ਜਗਤਾਰ ਸਿੰਘ ਉਰਫ਼ ਜੱਗਾ ਖਡੂਰ ਸਾਹਿਬ, ਜਗੀਰ ਸਿੰਘ ਭਰੋਵਾਲ, ਮੇਜਰ ਸਿੰਘ ਦਾਰਾਪੁਰ, ਸੰਤੋਖ ਕੌਰ ਵੇਂਈਂਪੂਈਂ, ਪੂਜਾ ਸਰਹਾਲੀ, ਘੁੱਕ ਸਿੰਘ, ਭਗਵੰਤ ਸਿੰਘ ਵੇਈਂਪੂਈਂ ਤੇ ਗੁਰਦੀਪ ਖਡੂਰ ਸਾਹਿਬ ਮੌਜੂਦ ਸਨ।
ਤਰਨ ਤਾਰਨ : ਛੋਟੇ ਕਾਰੋਬਾਰੀਆਂ, ਵਪਾਰੀਆਂ ਤੇ ਛੋਟੀ ਇੰਡਸਟਰੀ ਨੂੰ ਕਾਰਪੋਰੇਟ ਘਰਾਣੇ ਹੜੱਪ ਰਹੇ ਹਨ। ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀ ਹੈ। ਸਮਾਜਿਕ ਸਾਂਝ ਨੂੰ ਕਾਇਮ ਰੱਖਦਿਆਂ ਮਿਹਨਤਕਸ਼ ਲੋਕਾਂ ਨੂੰ ਨਿਆਂ ਕਮਿਊਨਿਸਟ ਪਾਰਟੀਆਂ ਹੀ ਦਿਵਾ ਸਕਦੀਆਂ ਹਨ। ਇਸ ਕਰਕੇ ਹਰੇਕ ਸ਼ਹਿਰੀ ਦਾ ਫਰਜ਼ ਬਣਦਾ ਹੈ ਕਿ ਉਹ ਵੋਟਾਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਪਾਉਣ।ਇਸ ਸੰਬੰੰਧੀ ਦੋਵਾਂ ਕਮਿਊਨਿਸਟ ਪਾਰਟੀਆਂ ਨੇ ਰਾਮਗੜ੍ਹੀਆ ਬੁੰਗਾ ਵਿਖੇ ਇਕੱਠ ਕਰਕੇ ਕਾਮਰੇਡ ਹੀਰਾ ਤੇ ਤਾਰਾ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ।ਇਸ ਮੌਕੇ ਸੁਖਦੇਵ ਸਿੰਘ ਗੋਹਲਵੜ, ਐਡਵੋਕੇਟ ਸਟਾਲਿਨਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਮਾਨੋਚਾਹਲ, ਪੂਰਨ ਸਿੰਘ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਅਵਤਾਰ ਸਿੰਘ ਪਲਾਸੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੇਰੁਜ਼ਗਾਰੀ, ਮਹਿੰਗਾਈ ਤੇ ਕਾਰਪੋਰੇਟੀ ਲੁੱਟ ਨੇ ਸਾਡੇ ਦੇਸ਼ ਦਾ ਕਚੂੰਮਰ ਕੱਢ ਦਿੱਤਾ ਹੈ, ਜਨਤਾ ਬਹੁਤ ਪ੍ਰੇਸ਼ਾਨ ਹੈ।ਇਸ ਕਰਕੇ ਸਮੇਂ ਦੀ ਸਰਕਾਰ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਗੁੰਡਾਗਰਦੀ, ਲੁੱਟਖੋਹ ਤੇ ਨਸ਼ਿਆਂ ਦੇ ਪ੍ਰਕੋਪ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਖੱਬੇ-ਪੱਖੀ ਪਾਰਟੀਆਂ ਦੀ ਤਾਕਤ ਵਧਣ ਨਾਲ ਦੇਸ਼ ਦੀ ਕਿਸਮਤ ਚਮਕਦੀ ਹੈ।ਇਸ ਉਪਰੰਤ ਕਾਮਰੇਡਾਂ ਨੇ ਤਰਨ ਤਾਰਨ ਸ਼ਹਿਰ ਦੇ ਬਜ਼ਾਰਾਂ ਵਿੱਚ ਲਿਖਤੀ ਅਪੀਲ ਵੰਡ ਕੇ ਵੋਟਾਂ ਮੰਗੀਆਂ। ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਵਲਟੋਹਾ, ਕਰਮ ਸਿੰਘ, ਚਰਨ ਸਿੰਘ, ਅਵਤਾਰ ਸਿੰਘ ਪਲਾਸੌਰ, ਰਾਣਾ ਮਸੀਹ ਚੂਸਲੇਵੜ, ਮਹਿੰਦਰ ਸਿੰਘ ਵੀ ਹਾਜ਼ਰ ਸਨ।