ਜੰਡਿਆਲਾ ਮੰਜਕੀ (ਗਿਆਨ ਸੈਦਪੁਰੀ)
ਪਿਛਲੇ 10 ਸਾਲਾਂ ਦੌਰਾਨ ਮੋਦੀ ਸਰਕਾਰ ਅਤੇ ਭਾਜਪਾ ਨੇ ਦੇਸ਼ ਅੰਦਰ ਜਮਹੂਰੀਅਤ, ਆਰਥਿਕਤਾ ਅਤੇ ਸਮਾਜਕ ਨਿਆਂ ਦਾ ਖਾਤਮਾ ਕਰ ਦਿੱਤਾ ਹੈ। ਇਸ ਸਰਕਾਰ ਦੇ ਦੇਸ਼ ਪ੍ਰਤੀ ਕੀਤੇ ਗੁਨਾਹਾਂ ਦੇ ਬਦਲੇ ਲੋਕ ਭਾਜਪਾ ਸਰਕਾਰ ਨੂੰ ਖਤਮ ਕਰ ਦੇਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ (ਐੱਮ) ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕੀਤਾ। ਉਹ ਜੰਡਿਆਲਾ ਮੰਜਕੀ ਵਿਖੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਲੋਕ ਸਭਾ ਹਲਕਾ ਜਲੰਧਰ ਤੋਂ ਸੀ ਪੀ ਆਈ (ਐੱਮ) ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਦੇਸ਼ ਦੀ ਦੌਲਤ ਦੇ ਮਾਲਕ ਲੋਕ ਹਨ। ਮੋਦੀ ਸਰਕਾਰ ਵੱਲੋਂ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਹੀ ਦੇਸ਼ ਦੀ ਦੌਲਤ ਨੂੰ ਵੇਚਿਆ ਜਾ ਰਿਹਾ ਹੈ। ਅਜਿਹੀ ਸਰਕਾਰ ਨੂੰ ਬਦਲਣਾ ਹੀ ਉਚਿਤ ਹੈ। ਉਨ੍ਹਾ ਕਿਹਾ ਕਿ ਮੋਦੀ ਦੇ 22 ਖਰਬਪਤੀ ਮਿੱਤਰ ਹਨ। ਉਨ੍ਹਾਂ ਦੀ ਖੁਸ਼ਾਮਦੀ ਵਿੱਚ ਮੋਦੀ ਨੇ ਦੇਸ਼ ਦੀ 71 ਫ਼ੀਸਦੀ ਦੌਲਤ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਮੋਦੀ ਨੇ ਦੋ ਭਾਰਤ ਬਣਾ ਦਿੱਤੇ ਹਨ। ਇੱਕ ਅਡਾਨੀਆਂ ਦਾ ਚਮਕਦਾ ਭਾਰਤ ਤੇ ਦੂੂਸਰਾ ਆਮ ਲੋਕਾਂ ਦਾ ਤਰਸਦਾ ਭਾਰਤ। ਇੱਥੇ ਹੀ ਬੱਸ ਨਹੀਂ, ਮੋਦੀ ਨੇ ਆਪਣੇ ਮਿੱਤਰਾਂ ਦਾ 16 ਲੱਖ ਕਰੋੜ ਦਾ ਕਰਜ਼ਾ ਤਾਂ ਮਾਫ਼ ਕਰ ਦਿੱਤਾ, ਪਰ ਦੇਸ਼ ਦੇ ਅੰਨਦਾਤਾ ਨੂੰ ਅਣਗੌਲਿਆ ਕਰ ਦਿੱਤਾ।
ਕਮਿਊਨਿਸਟ ਆਗੂ ਨੇ ਮੋਦੀ ਵੱਲੋਂ ਆਪਣੇ ਆਪ ਨੂੰ ਭਗਵਾਨ ਦਾ ਰੂਪ ਦੱਸਣਾ, ਮਹਾਤਮਾ ਗਾਂਧੀ ਬਾਰੇ ਟਿੱਪਣੀ ਅਤੇ ਹੋਰ ਬੇਥਵੀਆਂ ਕੀਤੀਆਂ ਗੱਲਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਇਹ ਵੀ ਕਹਿ ਸਕਦੇ ਹਨ ਕਿ ਮੇਰੇ (ਮੋਦੀ) ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੂੰ ਕੋਈ ਨਹੀਂ ਸੀ ਜਾਣਦਾ। ਯੇਚੁਰੀ ਨੇ ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਲਈ ਵੀ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਕਸੂਰਵਾਰ ਮੰਨਿਆ। ਉਨ੍ਹਾ ਪੰਜਾਬ ਦੀਆਂ ਗੌਰਵਸ਼ਾਲੀ ਪ੍ਰੰਪਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੇਲਾ ਹੁੰਦਾ ਸੀ, ਜਦੋਂ ਦੇਸ਼ ਪੰਜਾਬ ਦੇ ਨੌਜਵਾਨਾਂ ਤੋਂ ਪ੍ਰੇਰਨਾ ਲਿਆ ਕਰਦਾ ਸੀ। ਰੁਜ਼ਗਾਰਮੁਖੀ ਨੀਤੀਆਂ ਨਾ ਹੋਣ ਅਤੇ ਸਰਕਾਰਾਂ ਦੇ ਜਵਾਨੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਧੱਕੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਦੇਸ਼ ਨੂੰ ਨੇਤਾ ਦੀ ਨਹੀਂ, ਸਗੋਂ ਚੰਗੀਆਂ ਨੀਤੀਆਂ ਦੀ ਜ਼ਰੂਰਤ ਹੈ।
ਰੈਲੀ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਮਣੇ ਹਾਰ ਖੜੀ ਦੇਖ ਕੇ ਮੋਦੀ ਬੁਖਲਾਹਟ ਵਿੱਚ ਆ ਕੇ ਮਿਆਰ ਤੋਂ ਹੇਠਲੀਆ ਗੱਲਾਂ ਕਰ ਰਿਹਾ ਹੈ। ਉਹ ਦੁਨੀਆ ਭਰ ਵਿੱਚ ਭਾਰਤ ਦੀ ਕਿਰਕਿਰੀ ਕਰਵਾ ਰਿਹਾ ਹੈ। ਉਨ੍ਹਾ ਕਿਹਾ ਕਿ ਭਾਜਪਾ ਨੂੰ ਹਰਾ ਕੇ ‘ਇੰਡੀਆ’ ਗੱਠਜੋੜ ਸੱਤਾ ਸੰਭਾਲੇਗਾ। ਪੰਜਾਬ ਦੇ ਚੋਣ ਸੰਦਰਭ ਵਿੱਚ ਬਰਾੜ ਨੇ ਕਿਹਾ ਕਿ ਦੋਵੇਂ ਕਮਿਊਨਿਸਟ ਪਾਰਟੀਆਂ ਮੋਢੇ ਨਾਲ ਮੋਢਾ ਜੋੜ ਕੇ ਚੋਣ ਮੈਦਾਨ ਅੰਦਰ ਡਟੀਆਂ ਹੋਈਆਂ ਹਨ। ਸਕੂਨ ਦੀ ਗੱਲ ਹੈ ਕਿ ਦੋਵਾਂ ਪਾਰਟੀਆਂ ’ਚ ਰੱਤੀ ਭਰ ਵੀ ਵਿੱਥ ਨਜ਼ਰ ਨਹੀਂ ਆ ਰਹੀ।
ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਚੋਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਵਾਤਾਵਰਨ ਬਣਾਇਆ ਕਿ ਆਮ ਮੁੱਦੇ ਗਾਇਬ ਰਹਿਣ। ਅਸਮਾਨ ਛੂਹ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਮੋਦੀ ਨੇ ਮੂੰਹ ਨਹੀਂ ਖੋਲ੍ਹਿਆ। ਕਮਿਊਨਿਸਟਾਂ ਦੀ ਸਿਧਾਂਤਾਂ ਅਤੇ ਵਿਚਾਰਾਂ ਦੀ ਲੜਾਈ ਲੜਨ ਦੀ ਮੋਦੀ ਨੇ ਖੁਦ ਗੱਲ ਮੰਨਦਿਆਂ ਕਿਹਾ ਕਿ ਕਮਿਊਨਿਸਟ ਸਾਡੇ (ਭਾਜਪਾ) ਦੁਸ਼ਮਣ ਹਨ। ਸੇਖੋਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ।
ਰੈਲੀ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ, ਸੀ ਪੀ ਆਈ (ਐੱਮ) ਪੰਜਾਬ ਦੇ ਸਕੱਤਰੇਤ ਮੈਂਬਰ ਸੁਖਪ੍ਰੀਤ ਜੌਹਲ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ ਆਦਿ ਨੇ ਵੀ ਸੰਬੋਧਨ ਕੀਤਾ। ਰੈਲੀ ਦੀ ਪ੍ਰਧਾਨਗੀ ਸੀ ਪੀ ਆਈ (ਐੱਮ) ਦੇ ਸੀਨੀਅਰ ਆਗੂ ਭੂਪ ਚੰਦ ਚੰਨੋ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਨੇ ਕੀਤੀ।
ਇਸ ਮੌਕੇ ਸੀ ਪੀ ਆਈ (ਐਮ) ਦੇ ਕਾਮਰੇਡ ਗੁਰਨੇਕ ਸਿੰਘ ਭੱਝਲ, ਮੇਜਰ ਸਿੰਘ ਭਿੱਖੀਵਿੰਡ, ਰਾਮ ਸਿੰਘ ਨੂਰਪੁਰੀ, ਅਬਦੁਲ ਸਤਾਰ, ਰੂਪਬਸੰਤ ਸਿੰਘ ਬੜੈਚ, ਸਵਰਨ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਸੁੱਚਾ ਸਿੰਘ ਅਜਨਾਲਾ, ਜਤਿੰਦਰ ਪਾਲ ਸਿੰਘ, ਮੂਲ ਚੰਦ ਸਰਹਾਲੀ, ਵਰਿੰਦਰਪਾਲ ਸਿੰਘ ਕਾਲਾ, ਪ੍ਰਕਾਸ਼ ਕਲੇਰ, ਬਚਿੱਤਰ ਸਿੰਘ ਤੱਗੜ, ਸ਼ੀਤਲ ਸਿੰਘ ਸੰਘਾ, ਵਿਜੇ ਧਰਨੀ, ਨਰਿੰਦਰ ਸਿੰਘ ਜੌਹਲ, ਕੁਲਵੰਤ ਸਿੰਘ, ਸੀ ਪੀ ਆਈ ਦੇ ਗਿਆਨ ਸਿੰਘ ਸੈਦਪੁਰੀ, ਸੰਦੀਪ ਅਰੋੜਾ, ਸਿਕੰਦਰ ਸੰਧੂ, ਵੀਰ ਕੁਮਾਰ, ਮਹਿੰਦਰ ਰਾਮ ਫੁਗਲਾਣਾ ਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ।