ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਰਵਾਰ ਕਿਹਾ ਕਿ ਨਰਿੰਦਰ ਮੋਦੀ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਕਾਰ ਨੂੰ ਢਾਹ ਲਾਈ। ਬੀਤੇ ਸਮੇਂ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਖਾਸ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਨਫਰਤ ਭਰੇ ਤੇ ਗੈਰ-ਸੰਸਦੀ ਸ਼ਬਦ ਨਹੀਂ ਬੋਲੇ।
ਪਹਿਲੀ ਜੂਨ ਦੀ ਵੋਟਿੰਗ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਦੇ ਨਾਂਅ ਪੱਤਰ ਵਿਚ ਡਾ. ਮਨਮੋਹਨ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਵਿਚ ਡਿਕਟੇਟਰਸ਼ਿਪ ਲਿਆਉਣ ’ਤੇ ਤੁਲੀ ਨਿਰੰਕੁਸ਼ ਹਕੂਮਤ ਦੇ ਹਮਲਿਆਂ ਤੋਂ ਜਮਹੂਰੀਅਤ ਤੇ ਸੰਵਿਧਾਨ ਦੀ ਰਾਖੀ ਯਕੀਨੀ ਬਣਾਉਣ ਦਾ ਇਹ ਆਖਰੀ ਮੌਕਾ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਹੈ-ਮੈਂ ਚੋਣ ਮੁਹਿੰਮ ਦੌਰਾਨ ਸਿਆਸੀ ਤਕਰੀਰਾਂ ਨੂੰ ਨੀਝ ਨਾਲ ਸੁਣਿਆ ਹੈ। ਮੋਦੀ ਜੀ ਨੇ ਨਫਰਤੀ ਤਕਰੀਰਾਂ ਦਾ ਸਿਰਾ ਲਾ ਦਿੱਤਾ। ਉਨ੍ਹਾ ਦੀਆਂ ਤਕਰੀਰਾਂ ਖਾਲਸ ਵੰਡਪਾਊ ਸਨ। ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾ ਜਨਤਕ ਸੰਵਾਦ ਦੀ ਮਰਿਆਦਾ ਨੂੰ ਢਾਹ ਲਾਈ ਤੇ ਇਸ ਤਰ੍ਹਾਂ ਕਰਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਤੌਹੀਨ ਕੀਤੀ। ਬੀਤੇ ਵਿਚ ਕਿਸੇ ਪ੍ਰਧਾਨ ਮੰਤਰੀ ਨੇ ਏਨੀਆਂ ਨਫਰਤ ਭਰੀਆਂ ਤੇ ਗੈਰਸੰਸਦੀ ਤਕਰੀਰਾਂ ਨਹੀਂ ਕੀਤੀਆਂ। ਉਨ੍ਹਾ ਮੇਰੇ ਮੂੰਹ ਵਿਚ ਝੂਠੇ ਬਿਆਨ ਪਾ ਦਿੱਤੇ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਫਿਰਕੇ ਨੂੰ ਦੂਜੇ ਨਾਲੋਂ ਨਿਖੇੜਿਆ ਨਹੀਂ। ਇਹ ਤਾਂ ਸਿਰਫ ਭਾਜਪਾ ਦਾ ਕਾਪੀਰਾਈਟ ਰਿਹਾ ਹੈ। ਮੋਦੀ ਨੇ ਦੋਸ਼ ਲਾਇਆ ਸੀ ਕਿ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮੁਸਲਮਾਨਾਂ ਦਾ ਦੇਸ਼ ਦੇ ਵਸੀਲਿਆਂ ’ਤੇ ਪਹਿਲਾ ਹੱਕ ਬਣਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਹਥਿਆਰਬੰਦ ਫੌਜਾਂ ’ਤੇ ਅਗਨੀਵੀਰ ਸਕੀਮ ਮੜ੍ਹਨ ਲਈ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਨਾਸਮਝੀ ਵਾਲਾ ਫੈਸਲਾ ਕਰਾਰ ਦਿੱਤਾ। ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਨੇ ਅਗਨੀਵੀਰਾਂ ਦਾ ਸੇਵਾਕਾਲ ਚਾਰ ਸਾਲ ਤੱਕ ਸੀਮਤ ਕਰਕੇ ਦੇਸ਼ਭਗਤੀ, ਬਹਾਦਰੀ ਤੇ ਸੇਵਾ ਨੂੰ ਛੁਟਿਆਇਆ ਹੈ। ਇਹ ਭਾਜਪਾ ਦਾ ਜਾਲ੍ਹੀ ਰਾਸ਼ਟਰਵਾਦ ਹੈ। ਜਾਂਦੀ ਲੱਗ ਰਹੀ ਹਕੂਮਤ ਨੇ ਰੈਗੂਲਰ ਭਰਤੀ ਲਈ ਅਭਿਆਸ ਕਰਨ ਵਾਲੇ ਨੌਜਵਾਨਾਂ ਨਾਲ ਦਗਾ ਕੀਤਾ ਹੈ। ਪੰਜਾਬ ਦਾ ਨੌਜਵਾਨ, ਕਿਸਾਨ ਦਾ ਬੇਟਾ, ਫੌਜ ਰਾਹੀਂ ਮਾਤਰ ਭੂਮੀ ਦੀ ਰਾਖੀ ਕਰਨ ਦਾ ਸੁਫਨਾ ਦੇਖਦਾ ਹੈ ਪਰ ਹੁਣ ਉਹ ਸੋਚਦਾ ਹੈ ਕਿ ਚਾਰ ਸਾਲ ਲਈ ਫੌਜ ਵਿਚ ਭਰਤੀ ਹੋਵਾਂ ਕਿ ਨਾ। ਅਗਨੀਵੀਰ ਸਕੀਮ ਨੇ ਕੌਮੀ ਸੁਰੱਖਿਆ ਨੂੰ ਖਤਰੇ ਵਿਚ ਪਾ ਦਿੱਤਾ ਹੈ। ਇਸੇ ਕਰਕੇ ਕਾਂਗਰਸ ਪਾਰਟੀ ਨੇ ਇਸ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ।